ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਮਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇੱਥੇ ਗੁਰਦੁਆਰਾ ਰਾਮਸਰ ਅਤੇ ਗੁਰਦੁਆਰਾ ਸੰਤੋਖਸਰ ਸਾਹਿਬ ਵਿੱਚ ਗੁਰੂ ਅਰਜਨ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਹਰਿਮੰਦਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ ਨੇ ਦੱਸਿਆ ਕਿ ਅੱਜ ਸਵੇਰੇ ਗੁਰਦੁਆਰਾ ਰਾਮਸਰ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਸੰਗਤ ਨੂੰ ਗੁਰੂ ਇਤਿਹਾਸ ਅਤੇ ਫਲਸਫੇ ਤੋਂ ਜਾਣੂ ਕਰਵਾਇਆ। ਇਸੇ ਤਰ੍ਹਾਂ ਗੁਰਦੁਆਰਾ ਸੰਤੋਖਸਰ ਵਿੱਚ ਵੀ ਅਖੰਡ ਪਾਠ ਦਾ ਭੋਗ ਪਾਉਣ ਪਿੱਛੋਂ ਕੀਰਤਨ ਕੀਤਾ ਗਿਆ। ਇੱਥੇ ਪ੍ਰਚਾਰਕ ਹਰਮਿੱਤਰ ਸਿੰਘ ਨੇ ਕਥਾ ਕੀਤੀ। ਗੁਰੂ ਅਰਜਨ ਦੇਵ ਨਾਲ ਸਬੰਧਤ ਦੋਹਾਂ ਗੁਰਦੁਆਰਿਆਂ ਅਤੇ ਦਰਬਾਰ ਸਾਹਿਬ ਵਿੱਚ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਕੀਤੀ ਗਈ। ਕਰੋਨਾ ਕਾਰਨ ਗੁਰਦੁਆਰਿਆਂ ਵਿੱਚ ਸੰਗਤ ਦੀ ਆਮਦ ਘੱਟ ਰਹੀ। ਜ਼ਿਆਦਾਤਰ ਸਥਾਨਕ ਸ਼ਰਧਾਲੂ ਹੀ ਮੱਥਾ ਟੇਕਣ ਲਈ ਪੁੱਜੇ।