ਗਗਨਦੀਪ ਅਰੋੜਾ
ਲੁਧਿਆਣਾ, 5 ਮਾਰਚ
ਸਥਾਨਕ ਸਲੇਮ ਟਾਬਰੀ ਇਲਾਕੇ ਵਿੱਚ ਰਹਿਣ ਵਾਲੀ ਗੁਰਲੀਨ ਕੌਰ ਪੜ੍ਹਨ ਲਈ ਯੂਕਰੇਨ ਗਈ ਸੀ ਪਰ ਜੰਗ ਲੱਗਣ ਕਾਰਨ ਵਤਨ ਮੁੜਨਾ ਪਿਆ।
ਲੰਘੀ ਦੇਰ ਰਾਤ ਲੁਧਿਆਣਾ ਪਹੁੰਚੀ ਗੁਰਲੀਨ ਨੇ ਦੱਸਿਆ ਕਿ ਜੰਗ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਮੈਟਰੋ ਸਟੇਸ਼ਨ ਦੀ ਬੇਸਮੈਂਟ ’ਚ ਭੇਜ ਦਿੱਤਾ ਗਿਆ। ਦੋ ਦਿਨ ਉਥੇ ਰਹਿਣ ਮਗਰੋਂ ਉਹ ਫਲੈਟਾਂ ਥੱਲੇ ਬਣੀ ਬੇਸਮੈਂਟ ’ਚ ਚਲੇ ਗਏ। ਮੌਕਾ ਦੇਖ ਕੇ ਉਥੋਂ ਨਿਕਲੇ ਤੇ ਰੇਲ ਗੱਡੀ ਰਾਹੀਂ ਰੋਮਾਨੀਆ ਸਰਹੱਦ ’ਤੇ ਪਹੁੰਚੇ, ਜਿੱਥੇ ਲੰਮੀ ਉਡੀਕ ਮਗਰੋਂ ਉਨ੍ਹਾਂ ਨੂੰ ਉਡਾਣ ਮਿਲੀ। ਗੁਰਲੀਨ ਚਾਰ ਸਾਲ ਪਹਿਲਾਂ ਐੱਮਬੀਬੀਐੱਸ ਦੀ ਪੜ੍ਹਾਈ ਲਈ ਯੂਕਰੇਨ ਦੇ ਸ਼ਹਿਰ ਖਾਰਕੀਵ ਗਈ ਸੀ। ਗੁਰਲੀਨ ਨੇ ਦੱਸਿਆ ਕਿ ਖਾਰਕੀਵ ਵਿੱਚ ਰੇਲ ਗੱਡੀਆਂ ਸੀਲ ਕਰ ਦਿੱਤੀਆਂ ਗਈਆਂ ਹਨ ਤੇ ਹਾਲੇ ਵੀ ਵੱਡੀ ਗਿਣਤੀ ਭਾਰਤੀ ਉਥੇ ਫਸੇ ਹੋਏ ਹਨ। ਗੁਰਲੀਨ ਨੇ ਰੋਸ ਜਤਾਉਂਦਿਆਂ ਕਿਹਾ ਕਿ ਯੂਕਰੇਨ ਸਥਿਤ ਭਾਰਤੀ ਅੰਬੈਸੀ ਵਿਦਿਆਰਥੀਆਂ ਦੀ ਕੋਈ ਮਦਦ ਨਹੀਂ ਕਰ ਰਹੀ।
ਉਨ੍ਹਾਂ ਵੱਲੋਂ ਸਿਰਫ਼ ਸਰਹੱਦ ’ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ, ਪਰ ਉਨ੍ਹਾਂ ਨੂੰ ਪਹੁੰਚਾਉਣ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ।
ਲੁਧਿਆਣਾ ਦੇ 18 ਵਿਦਿਆਰਥੀ ਹਾਲੇ ਵੀ ਯੂਕਰੇਨ ’ਚ ਫਸੇ
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਨਅਤੀ ਸ਼ਹਿਰ ਦੇ 112 ਦੇ ਕਰੀਬ ਵਿਦਿਆਰਥੀ ਪੜ੍ਹਾਈ ਲਈ ਯੂਕਰੇਨ ’ਚ ਗਏ ਹੋਏ ਸਨ। 51 ਵਿਦਿਆਰਥੀ ਤਾਂ ਸਨਅਤੀ ਸ਼ਹਿਰ ਆ ਗਏ ਸਨ, ਜਦੋਂ ਕਿ 41 ਅਜਿਹੇ ਸਨ, ਜੋ ਵੱਖ-ਵੱਖ ਦੇਸ਼ਾਂ ’ਚ ਪੁੱਜ ਗਏ ਹਨ ਤੇ ਯੂਕਰੇਨ ਛੱਡ ਚੁੱਕੇ ਹਨ। ਇਸ ਦੇ ਨਾਲ ਹੀ 6 ਵਿਦਿਆਰਥੀ ਹਾਲੇ ਵੀ ਯੂਕਰੇਨ ’ਚ ਹਨ, ਇਸ ਦੇ ਨਾਲ ਹੀ 12 ਵਿਦਿਆਰਥੀ ਅਜਿਹੇ ਹਨ, ਜਿਨ੍ਹਾਂ ਨਾਲ ਕੁਝ ਸੰਪਰਕ ਨਹੀਂ ਹੋ ਰਿਹਾ ਹੈ। ਭਾਰਤ ਸਰਕਾਰ ਉਨ੍ਹਾਂ ਬੱਚਿਆਂ ਦਾ ਪਤਾ ਲਾਉਣ ’ਚ ਲੱਗੀ ਹੈ ਕਿ ਉਹ 12 ਵਿਦਿਆਰਥੀ ਆਖਰ ਕਿੱਥੇ ਪੜ੍ਹਦੇ ਸਨ ਤੇ ਕਿਸ ਹਾਲਾਤ ’ਚ ਰਹਿ ਰਹੇ ਹਨ।