ਪੱਤਰ ਪ੍ਰੇਰਕ
ਅਟਾਰੀ, 15 ਨਵੰਬਰ
ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੂਰਦਰਸ਼ਨ ਪੰਜਾਬ (ਜਲੰਧਰ) ਤੇ ਦੂਰਦਰਸ਼ਨ ਨੈਸ਼ਨਲ (ਨਵੀਂ ਦਿੱਲੀ) ਦੇ ਦੋ ਹਾਈ ਪਾਵਰ ਵਾਲੇ 20 ਕਿਲੋਵਾਟ ਟਰਾਂਸਮੀਟਰ, ਜੋ ਪਿਛਲੇ ਕਈ ਸਾਲਾਂ ਤੋਂ ਟੈਲੀਕਾਸਟ ਦਾ ਕੰਮ ਕਰ ਰਹੇ ਹਨ ਅਤੇ ਬਾਸਰਕੇ ਗਿੱਲਾਂ ਤੋਂ ਬੰਦ ਹੋਣ ਦੀ ਕਗਾਰ ’ਤੇ ਪਹੁੰਚੀ ਟਰਾਂਸਮਿਸ਼ਨ ਦੇ ਮੁੱਦੇ ਪ੍ਰਸਾਰ ਮੰਤਰੀ ਅਨੁਰਾਗ ਠਾਕੁਰ ਕੋਲ ਉਠਾਉਂਦੇ ਹੋਏ ਤਰੁੰਤ ਪ੍ਰਭਾਵੀ ਕਦਮ ਚੁੱਕਣ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਟਰਾਂਸਮੀਟਰ ਪਾਕਿਸਤਾਨ ਵਿੱਚ ਬਹੁਤ ਮਸ਼ਹੂਰ ਹਨ, ਜਿੱਥੇ ਇਨ੍ਹਾਂ ਨੂੰ ਪਾਕਿਸਤਾਨ ਦੇ ਲਾਹੌਰ ਖੇਤਰ ’ਚ ਪੁਰਾਣੇ ਐਂਟੀਨਾ ਦੀ ਵਰਤੋਂ ਕਰਕੇ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਰਦਰਸ਼ਨ ਅੰਮ੍ਰਿਤਸਰ ਭਾਰਤ ਦਾ ਤੀਜਾ ਸਭ ਤੋਂ ਪੁਰਾਣਾ ਟੈਲੀਵਿਜ਼ਨ ਸਟੇਸ਼ਨ ਹੈ, ਜੋ 1973 ਤੋਂ ਚੱਲ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਟਰਾਂਸਮੀਟਰਾਂ ਨੂੰ ਬੰਦ ਕਰਨ ਦਾ ਹੁਕਮ ਵਾਪਸ ਲਿਆ ਜਾਵੇ। ਉਨ੍ਹਾਂ ਦੂਰਦਰਸ਼ਨ ਦੇ ਰਾਸ਼ਟਰੀ ਚੈਨਲਾਂ ਤੋਂ ਬੰਦ ਕੀਤੇ ਜਾ ਰਹੇ ਪੰਜਾਬੀ ਪ੍ਰੋਗਰਾਮਾਂ ਨੂੰ ਬਹਾਲ ਕਰਨ ਲਈ ਕਿਹਾ। ਸ੍ਰੀ ਠਾਕੁਰ ਨੇ ਦੋਵੇਂ ਮੁੱਦਿਆਂ ਉੱਤੇ ਸਹਿਮਤੀ ਪ੍ਰਗਟ ਕਰਦਿਆਂ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ।