ਪਟਿਆਲਾ (ਖੇਤਰੀ ਪ੍ਰਤੀਨਿਧ): ਕੇਂਦਰੀ ਜੇਲ੍ਹ ਪਟਿਆਲਾ ਵਿੱਚ ਰੋਡ ਰੇਜ ਮਾਮਲੇ ’ਚ ਇੱਕ ਸਾਲ ਦੀ ਸਜ਼ਾ ਭੁਗਤ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਅੱਜ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਸੁਨੀਲ ਦੱਤੀ ਤੇ ਸੁਖਵਿੰਦਰ ਡੈਨੀ ਨੇ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਅੱਜ ਕਰੀਬ ਬਾਰ੍ਹਾਂ ਵਜੇ ਕਾਂਗਰਸੀ ਆਗੂ ਕੇਂਦਰੀ ਜੇਲ੍ਹ ਵਿੱਚ ਪੁੱਜੇ ਤੇ ਉਨ੍ਹਾਂ ਨੇ ਕਰੀਬ ਦੋ ਘੰਟੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂਆਂ ਨੇ ਸੂਬੇ ਦੀ ‘ਆਪ’ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਜਿੱਥੇ ਬੇਅਦਬੀ ਦੇ ਮਾਮਲੇ ‘ਚ ਠੋਸ ਕਾਰਵਾਈ ਨਹੀਂ ਕਰ ਸਕੀ, ਉੱਥੇ ਹੀ ਬੇਰੁਜ਼ਗਾਰੀ ਅਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਵਿੱਚ ਵੀ ਅਸਫ਼ਲ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਪਿਛਲੇ ਦਿਨੀਂ ਪਟਿਆਲਾ ’ਚ ਮੰਗਾਂ ਖਾਤਰ ਪ੍ਰਦਰਸ਼ਨ ਕਰ ਰਹੇ ਅਪਰੈਂਟਿਸ ਵਰਕਰਾਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕਰਨ ਦੀ ਵੀ ਨਿੰਦਾ ਕੀਤੀ।