ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਮਾਰਚ
ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਮਨਾਏ ਗਏ ਪਾਕਿਸਤਾਨ ਦਿਵਸ ’ਤੇ ਲਹਿੰਦੇ ਪੰਜਾਬ ਦੀ ਇਕ ਝਾਕੀ ਵਿਚ ਗੁਰਦੁਆਰਾ ਕਰਤਾਰਪੁਰ ਨੂੰ ਵੀ ਦਿਖਾਇਆ ਗਿਆ ਹੈ। ਇਸ ਸਬੰਧ ਵਿੱਚ ਪਾਕਿਸਤਾਨ ਵੱਲੋਂ ਬੀਤੇ ਦਿਨ ਪਰੇਡ ਕੀਤੀ ਗਈ ਜਿਸ ਵਿੱਚ ਪਾਕਿਸਤਾਨੀ ਹਵਾਈ ਫੌਜ ਤੇ ਹੋਰਨਾਂ ਨੇ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਕੁਝ ਸੂਬਿਆਂ ਦੇ ਸੱਭਿਆਚਾਰ ਦੀਆਂ ਝਾਕੀਆਂ ਵੀ ਦਿਖਾਈਆਂ ਗਈਆਂ ਜਿਨ੍ਹਾਂ ਵਿੱਚ ਲਹਿੰਦੇ ਪੰਜਾਬ ਦੀ ਇੱਕ ਝਾਕੀ ਵੀ ਸ਼ਾਮਲ ਸੀ। ਇਸ ਝਾਕੀ ਵਿਚ ਲਾਹੌਰ ਦਾ ਪੁਰਾਤਨ ਦਰਵਾਜ਼ਾ ਅਤੇ ਗੁਰਦੁਆਰਾ ਕਰਤਾਰਪੁਰ ਵੀ ਸ਼ਾਮਲ ਸੀ।
ਝਾਕੀਆਂ ਦੇ ਵੇਰਵੇ ਦੇ ਰਹੇ ਬੁਲਾਰੇ ਨੇ ਆਖਿਆ ਕਿ ਪਾਕਿਸਤਾਨ ਵਿੱਚ ਸਿੱਖਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਂਦਾ ਹੈ। ਦੱਸਣਯੋਗ ਹੈ ਕਿ ਗੁਰਦੁਆਰਾ ਕਰਤਾਰਪੁਰ ਲਾਂਘਾ ਪਿਛਲੇ ਵਰ੍ਹੇ ਹੀ ਖੋਲ੍ਹਿਆ ਗਿਆ ਸੀ ਜੋ ਇਸ ਵੇਲੇ ਕਰੋਨਾ ਕਾਰਨ ਬੰਦ ਹੈ। ਇਸ ਲਾਂਘੇ ਨੂੰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ।