ਸਰਬਜੀਤ ਸਿੰਘ ਭੰਗੂ
ਸਨੌਰ, 26 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 95 ਸਾਲਾ ਇਤਿਹਾਸ ਦੌਰਾਨ ਪ੍ਰਧਾਨਗੀ ਕਰਨ ਵਾਲ਼ੇ 26 ਜਣਿਆਂ ਵਿਚੋਂ ਪਟਿਆਲਾ ਨਾਲ ਸਬੰਧਿਤ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਹੱਥ ਉਪਰ ਹੈ। ਉਹ ਸਭ ਤੋਂ ਵੱਧ (ਸਾਢੇ 28 ਸਾਲ) ਸਿੱਖਾਂ ਦੀ ਇਸ ਧਾਰਮਿਕ ਸੰਸਥਾ ਦੇ ਪ੍ਰਧਾਨ ਰਹੇ ਤੇ 31 ਮਾਰਚ 2004 ਨੂੰ ਆਖਰੀ ਸਾਹ ਵੀ ਪ੍ਰਧਾਨ ਵਜੋਂ ਹੀ ਲਿਆ। ਜਦਕਿ ਗੋਪਾਲ ਸਿਘ ਕੌਮੀ 17 ਜੂਨ 1933 ਤੋਂ 18 ਜੂਨ 1933 ਤੱਕ ਸਿਰਫ਼ ਇੱਕ ਦਿਨ ਹੀ ਪ੍ਰਧਾਨ ਰਹੇ ਹਨ।
ਵੱਧ ਸਮਾਂ ਪ੍ਰਧਾਨਗੀ ਕਰਨ ਵਾਲਿਆਂ ਵਿਚੋਂ ਮਾਸਟਰ ਤਾਰਾ ਸਿੰਘ 16 ਸਾਲ ਦੇ ਕਰੀਬ ਪ੍ਰਧਾਨ ਰਹੇ। ਉਹ ਪਹਿਲੀ ਵਾਰ 12 ਦਸੰਬਰ 1930 ’ਚ ਦੂਜੇ ਪ੍ਰਧਾਨ ਬਣੇ ਤੇ ਅੰਤਿਮ ਵਾਰ 11 ਮਾਰਚ 1962 ਤੱਕ ਪ੍ਰਧਾਨ ਰਹੇ। ਅਵਤਾਰ ਸਿੰਘ ਮੱਕੜ ਨਵੰਬਰ 2005 ਤੋਂ ਨਵੰਬਰ 2016 ਤੱਕ 12 ਸਾਲ ਪ੍ਰਧਾਨ ਰਹੇ। ਜਦਕਿ ਸੰਤ ਚੰਨਣ ਸਿੰਘ ਨੇ ਸਵਾ 10 ਸਾਲ ਪ੍ਰਧਾਨਗੀ ਕੀਤੀ। ਉਨ੍ਹਾਂ ਦਾ ਕਾਰਜਕਾਲ 2 ਦਸੰਬਰ 1962 ਤੋਂ 30 ਨਵੰਬਰ 1972 ਤੱਕ ਰਿਹਾ। ਬਾਕੀ ਸਭ ਦਾ ਕਾਰਜਕਾਲ ਪੰਜ ਸਾਲਾਂ ਤੋਂ ਵੀ ਹੇਠਾਂ ਹੀ ਰਿਹਾ ਹੈ। 1960 ਵਿਚ ਮੈਂਬਰ ਬਣੇ ਗੁਰਚਰਨ ਸਿੰਘ ਟੌਹੜਾ ਜਨਵਰੀ 1973 ’ਚ ਪਹਿਲੀ ਵਾਰ ਪ੍ਰਧਾਨ ਬਣੇ ਸਨ। ਇਸ ਦੌਰਾਨ ਚੋਣ ਤਾਂ ਹਰ ਸਾਲ ਹੁੰਦੀ ਰਹੀ ਪਰ ਉਹ ਮਾਰਚ 1986 ਤੱਕ 13 ਸਾਲ ਪ੍ਰਧਾਨ ਰਹੇ। ਅੱਠ ਮਹੀਨੇ ਲਈ ਭਾਵੇਂ ਕਾਬਲ ਸਿੰਘ ਪ੍ਰਧਾਨ ਬਣੇ ਪਰ ਨਵੰਬਰ 1986 ਤੋਂ ਨਵੰਬਰ 1990 ਤੱਕ ਚਾਰ ਸਾਲ ਟੌਹੜਾ ਹੀ ਮੁੜ ਪ੍ਰਧਾਨ ਰਹੇ। ਉਹ 1991 ਤੋਂ ਮਾਰਚ 1999 ਤੱਕ ਅੱਠ ਸਾਲ ਫੇਰ ਪ੍ਰਧਾਨ ਰਹੇ। ਸਾਲ 1999 ’ਚ ਬਾਦਲ ਅਤੇ ਟੌਹੜਾ ਧੜਿਆਂ ਦਰਮਿਆਨ ਪਈ ਫੁੱਟ ਦੌਰਾਨ ਟੌਹੜਾ ਨੂੰ ਲਾਂਭੇ ਕੀਤਾ ਤੇ 16 ਮਾਰਚ 1999 ਨੂੰ ਬੀਬੀ ਜਗੀਰ ਕੌਰ ਨੂੰ ਪਹਿਲੀ ਮਹਿਲਾ ਪ੍ਰਧਾਨ ਬਣਨ ਦਾ ਮਾਣ ਹਾਸਲ ਹੋਇਆ। ਫੁੱਟ ਦੇ ਕਾਰਜਕਾਲ ਦੌਰਾਨ ਹੀ ਇੱਕ ਸਾਲ ਜਗਦੇਵ ਸਿੰਘ ਤਲਵੰਡੀ ਤੇ ਫੇਰ ਜੁਲਾਈ 2003 ਤੱਕ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੀ ਪ੍ਰਧਾਨ ਬਣੇ ਪਰ ਫਿਰ ਬਾਦਲ ਅਤੇ ਟੌਹੜਾ ਧੜਿਆਂ ’ਚ ਹੋਈ ਏਕਤਾ ਦੌਰਾਨ ਪ੍ਰੋ. ਬਡੂੰਗਰ ਨੂੰ ਅਸਤੀਫ਼ਾ ਦੇਣਾ ਪਿਆ ਤੇ ਜੁਲਾਈ 2003 ਵਿਚ ਗੁਰਚਰਨ ਸਿੰਘ ਟੌਹੜਾ ਇੱਕ ਵਾਰ ਫੇਰ ਪ੍ਰਧਾਨ ਚੁਣ ਲਏ ਗਏ ਤੇ ਆਖਰੀ ਸਾਹ ਤੱਕ ਪ੍ਰਧਾਨ ਰਹੇ।
ਲੌਂਗੋਵਾਲ ਦੇ ਮੁੜ ਪ੍ਰਧਾਨ ਬਣਨ ਦੇ ਚਰਚੇ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਲੇ ਪ੍ਰਧਾਨ ਦੀ ਪੰਥਕ ਹਲਕਿਆਂ ’ਚ ਅੱਜ ਦਿਨ ਭਰ ਚਰਚਾ ਹੁੰਦੀ ਰਹੀ। ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ’ਚ ਵਧੇਰੇ ਗਿਣਤੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦੀ ਹੈ, ਜਿਸ ਕਾਰਨ ਸਾਫ਼ ਹੈ ਕਿ ਜਿਸ ਨੂੰ ਵੀ ਸੁਖਬੀਰ ਸਿੰਘ ਬਾਦਲ ਚਾਹੁੰਣਗੇ, ਉਹ ਹੀ ਮੈਂਬਰ ਪੰਥ ਦੀ ਵਕਾਰੀ ਸੰਸਥਾ ਦਾ ਅਗਲਾ ਵਾਰਿਸ ਹੋਵੇਗਾ। ਭਾਵੇਂ ਹਾਲੇ ਤਾਈਂ ਕਿਸੇ ਵੀ ਮੈਂਬਰ ਨੇ ਪ੍ਰਧਾਨਗੀ ਜਾਂ ਕਿਸੇ ਹੋਰ ਅਹੁਦੇਦਾਰੀ ਲਈ ਦਾਅਵੇਦਾਰੀ ਪੇਸ਼ ਕਰਨ ਦੀ ਗੱਲ ਨਹੀ ਕੀਤੀ, ਫਿਰ ਵੀ ਸਿਆਸੀ ਤੇ ਧਾਰਮਿਕ ਸੂਤਰਾਂ ਦਾ ਕਹਿਣਾ ਹੈ ਕਿ ਐਤਕੀਂ ਅੰਦਰਖ਼ਾਤੇ ਪਾਰਟੀ ਦੀਆਂ ਸਿਰਮੌਰ ਚਾਰ-ਪੰਜ ਸ਼ਖਸੀਅਤਾਂ ਪ੍ਰਧਾਨਗੀ ਦੇ ਤਾਜ ਲਈ ਉਤਾਵਲੀਆਂ ਹਨ। ਇਹ ਵੀ ਸੰਕੇਤ ਮਿਲਣ ਲੱਗੇ ਹਨ ਕਿ ਪ੍ਰਧਾਨ ਦਾ ਅਹੁਦਾ ਮੁੜ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹਵਾਲੇ ਕੀਤਾ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਅੰਦਰਖਾਤੇ ਚਾਰ ਪੰਜ ਸ਼ਖਸੀਅਤਾਂ ਦੀ ਪ੍ਰਧਾਨਗੀ ਦੇ ਅਹੁਦੇ ’ਤੇ ਅੱਖ ਟਿਕਣ ਤੋਂ ਪਾਰਟੀ ਹਾਈਕਮਾਂਡ ਕਾਫੀ ਚਿੰਤਤ ਹੈ ਪਰ ਫੈਸਲਾ ਹਰ ਪੱਖ ਦੇਖ ਕੇ ਲਿਆ ਜਾਵੇਗਾ।