ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 27 ਜੂਨ
ਸਿਆਸਤ ਵਿੱਚ ਪੈਰ ਧਰਦਿਆਂ ਹੀ ਸਿਆਸਤਦਾਨਾਂ ਦੇ ਵਾਰੇ-ਨਿਆਰੇ ਹੋ ਜਾਂਦੇ ਹਨ। ਵਿਧਾਇਕ ਬਣ ਕੇ ਤਾਂ ਜ਼ਮੀਨ ਜਾਇਦਾਦ ਦੀ ਘਾਟ ਹੀ ਨਹੀਂ ਰਹਿੰਦੀ ਪਰ ਵੀਹ ਸਾਲ ਵਿਧਾਇਕ ਅਤੇ ਦਸ ਸਾਲ ਪਿੰਡ ਦੀ ਸਰਪੰਚੀ ਕਰਨ ਵਾਲਾ ਕਾਮਰੇਡ ਸੱਘੜ ਸਿੰਘ ਰੌਂਤਾ ਦਾ ਪਰਿਵਾਰ ਗ਼ੁਰਬਤ ਭੋਗਣ ਲਈ ਮਜਬੂਰ ਹੈ। ਅਜੋਕੇ ਸਿਆਸੀ ਮਾਹੌਲ ਵਿੱਚ ਉਨ੍ਹਾਂ ਦਾ ਜੀਵਨ ਚਰਚਾ ’ਚ ਹੈ।
ਸੱਘੜ ਸਿੰਘ ਰੌਂਤਾ ਦੋ ਵਾਰ 1972 ਤੋਂ 77, 1982 ਤੋਂ 87 ਅਤੇ ਉਨ੍ਹਾਂ ਦਾ ਪੁੱਤਰ ਅਜੈਬ ਸਿੰਘ ਵੀ ਦੋ ਵਾਰ 1992 ਤੋਂ 97 ਅਤੇ 2002 ਤੱਕ ਹਲਕਾ ਨਿਹਾਲ ਸਿੰਘ ਵਾਲਾ ਤੋਂ ਸੀਪੀਆਈ ਦੇ ਵਿਧਾਇਕ ਰਹੇ ਸਨ। ਬਾਅਦ ਵਿੱਚ ਵਿਧਾਇਕ ਅਜੈਬ ਸਿੰਘ ਦਾ ਪੁੱਤਰ ਕੁਲਦੀਪ ਸਿੰਘ 1996 ਤੋਂ 2001 ਤੱਕ ਪਿੰਡ ਦਾ ਸਰਪੰਚ ਰਿਹਾ। ਫਿਰ 2014 ਤੋਂ 19 ਤੱਕ ਅਜੈਬ ਸਿੰਘ ਦੀ ਨੂੰਹ ਸਰਬਜੀਤ ਕੌਰ ਪਿੰਡ ਦੀ ਸਰਪੰਚ ਰਹੀ। ਇਮਾਨਦਾਰੀ ’ਤੇ ਚਲਦਿਆਂ ਇਨ੍ਹਾਂ ਦੇ ਘਰ ਪਰਿਵਾਰ ਦੀ ਮਾਲੀ ਹਾਲਤ ਖਸਤਾ ਹੁੰਦੀ ਗਈ।
ਸੱਘੜ ਸਿੰਘ ਦਾ ਕਰਜ਼ਾ ਲੈ ਕੇ ਬਣਾਇਆ ਮਕਾਨ ਨੀਵਾਂ ਹੋ ਗਿਆ ਹੈ। ਵੀਹ ਸਾਲ ਹਲਕਾ ਵਿਧਾਇਕ ਤੇ ਦਸ ਸਾਲ ਪਿੰਡ ਦੀ ਸਰਪੰਚੀ ਕਰਨ ਵਾਲੇ ਪਰਿਵਾਰ ਕੋਲ ਛੱਤਾਂ ਬਦਲਣ, ਮਕਾਨ ਉੱਚਾ ਕਰਨ ਦੀ ਹਿੰਮਤ ਨਹੀਂ ਹੈ। ਇਸ ਪਰਿਵਾਰ ਨੇ ਨਾ ਕੋਈ ਜ਼ਮੀਨ ਜਾਇਦਾਦ ਬਣਾਈ, ਨਾ ਕਾਰੋਬਾਰ ਅਤੇ ਨਾ ਕੋਈ ਟਰਾਂਸਪੋਰਟ ਬਣਾਈ ਸਗੋਂ ਸਰਪੰਚ ਰਹੀ ਸਰਬਜੀਤ ਕੌਰ ਮਨਰੇਗਾ ਵਿੱਚ ਮਜ਼ਦੂਰੀ ਕਰਦੀ ਰਹੀ ਹੈ। ਉਸ ਦਾ ਪਤੀ ਗੁਰਸੇਵਕ ਸਿੰਘ ਵੀ ਬੇਰੁਜ਼ਗਾਰ ਹੈ। ਅਜੈਬ ਸਿੰਘ ਦੀ ਪਤਨੀ ਅਮਰਜੀਤ ਕੌਰ ਆਪਣੇ ਦੂਜੇ ਪੁੱਤਰ ਕੋਲ ਰਹਿ ਰਹੀ ਹੈ, ਉਹ ਵੀ ਸਰਕਾਰੀ ਨੌਕਰੀ ਨਹੀਂ ਲੱਗ ਸਕਿਆ। ਮਰਹੂਮ ਸਰਪੰਚ ਕੁਲਦੀਪ ਸਿੰਘ ਦੀ ਪਤਨੀ ਨੂੰ ਵੀ ਨਰਸਿੰਗ ਕੀਤੀ ਹੋਣ ਦੇ ਬਾਵਜੂਦ ਨੌਕਰੀ ਨਾ ਮਿਲ ਸਕੀ। ਖਸਤਾ ਹਾਲਤ ਵਿੱਚ ਖੜ੍ਹਾ ਮਕਾਨ ਸੱਘੜ ਸਿੰਘ ਦੀ ਸੱਚ ਤੇ ਇਮਾਨਦਾਰੀ ਦੀ ਬਣਾਈ ਮਿਸਾਲ ਤਾਂ ਪੈਦਾ ਕਰ ਰਿਹਾ ਹੈ ਪਰ ਆਰਥਿਕ ਥੁੜ੍ਹਾਂ ਦੇ ਮਾਰੇ ਇਸ ਪਰਿਵਾਰ ਨੂੰ ਭਵਿੱਖ ਦਾ ਫ਼ਿਕਰ ਵੱਢ-ਵੱਢ ਖਾ ਰਿਹਾ ਹੈ, ਜੋ ਕਿ ਸਿਆਸੀ ਗਲਿਆਰਿਆਂ ਲਈ ਮਿਸਾਲ ਹੈ। ਸਰਕਾਰਾਂ ਵੱਲੋਂ ਆਪਣੇ ਵਿਧਾਇਕਾਂ, ਮੰਤਰੀਆਂ ਤੇ ਆਗੂਆਂ ਦੇ ਪਰਿਵਾਰਾਂ ਨੂੰ ਨੌਕਰੀਆਂ ਨਾਲ ਨਿਵਾਜਿਆ ਜਾ ਰਿਹਾ ਹੈ ਪਰ ਦੂਜੇ ਪਾਸੇ, ਅਜਿਹੇ ਪਰਿਵਾਰਾਂ ਦੀ ਸਾਰ ਤਕ ਨਹੀਂ ਲਈ ਜਾ ਰਹੀ।