ਹਰਦੇਵ ਚੌਹਾਨ
ਚੰਡੀਗੜ੍ਹ, 25 ਜੂਨ
ਲੋਕ ਮੰਚ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਚ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ‘ਆਪਣੀ ਆਵਾਜ਼ ਪੁਰਸਕਾਰ 2022’ ਸਾਂਝੇ ਤੌਰ ’ਤੇ ਲੇਖਕ ਗੁਲਜ਼ਾਰ ਸੰਧੂ ਨੂੰ ਨਾਵਲ ‘ਪਰੀ ਸੁਲਤਾਨਾ’ ਅਤੇ ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ ‘ਹਾਰੀਂ ਨਾ ਬਚਨਿਆ’ ਕਹਾਣੀ ਸੰਗ੍ਰਹਿ ਲਈ ਦਿੱਤਾ ਗਿਆ। ਇਸੇ ਤਰ੍ਹਾਂ ‘ਕਾਵਿ ਲੋਕ ਪੁਰਸਕਾਰ 2021’ ਸ਼ਾਇਰਾ ਸਰਬਜੀਤ ਕੌਰ ਜੱਸ ਨੂੰ ‘ਤਾਮ’ ਕਾਵਿ ਸੰਗ੍ਰਹਿ ਲਈ ਦਿੱਤਾ ਗਿਆ। ਸਨਮਾਨ ਕਰਨ ਦੀ ਰਸਮ ਮੁੱਖ ਮਹਿਮਾਨ ਪਦਮਸ੍ਰੀ ਡਾ. ਸੁਰਜੀਤ ਪਾਤਰ (ਚੇਅਰਮੈਨ ਪੰਜਾਬ ਕਲਾ ਪਰਿਸ਼ਦ), ਡਾ. ਜਸਵਿੰਦਰ ਸਿੰਘ, ਡਾ. ਲਖਵਿੰਦਰ ਸਿੰਘ ਜੌਹਲ, ਸੁਰਿੰਦਰ ਸਿੰਘ ਸੁੰਨੜ ਅਤੇ ਦੀਪਕ ਸ਼ਰਮਾ ਚਨਾਰਥਲ ਵੱਲੋਂ ਨਿਭਾਈ ਗਈ। ਜ਼ਿਕਰਯੋਗ ਹੈ ਕਿ ਇੱਕ ਲੱਖ ਰੁਪਏ ਦੀ ਰਾਸ਼ੀ ਵਾਲੇ ‘ਆਪਣੀ ਆਵਾਜ਼ ਪੁਰਸਕਾਰ 2022’ ਨੂੰ ਸਾਂਝੇ ਤੌਰ ’ਤੇ ਭੇਟ ਕਰਦਿਆਂ ਗੁਲਜ਼ਾਰ ਸੰਧੂ ਤੇ ਗੁਰਮੀਤ ਕੜਿਆਲਵੀ ਨੂੰ ਇਕ-ਇਕ ਫੁਲਕਾਰੀ, ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ 51-51 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਪ੍ਰਧਾਨਗੀ ਮੰਡਲ ਨੇ ‘ਆਪਣੀ ਆਵਾਜ਼’ ਸਾਹਿਤਕ ਮੈਗਜ਼ੀਨ ਦਾ ਅੰਕ ਅਤੇ ‘ਕਾਵਿ ਲੋਕ’ ਦਾ ਅੰਕ ਵੀ ਲੋਕ ਅਰਪਣ ਕੀਤਾ। ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਸਾਹਿਤ ਤੇ ਸਿਰਜਣਾ ਦੇ ਖੇਤਰ ਵਿਚ ‘ਲੋਕ ਮੰਚ ਪੰਜਾਬ’ ਨਿਵੇਕਲੀਆਂ ਅਤੇ ਚੰਗੀਆਂ ਪੈੜਾਂ ਪਾ ਰਿਹਾ ਹੈ। ਸਮਾਗਮ ਦੀ ਪ੍ਰਧਾਨਗੀ ਡਾ. ਜਸਵਿੰਦਰ ਸਿੰਘ ਨੇ ਕੀਤੀ। ਮੰਚ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਨੇ ਆਖਿਆ ਕਿ ਕੋਈ ਵੀ ਸੰਸਥਾ ਲੇਖਕ ਤੋਂ ਤੇ ਲੇਖਣੀ ਤੋਂ ਵੱਡੀ ਨਹੀਂ ਹੁੰਦੀ। ‘ਆਪਣੀ ਆਵਾਜ਼ ਪੁਰਸਕਾਰ’ ਹਾਸਲ ਕਰਨ ਉਪਰੰਤ ਗੁਲਜ਼ਾਰ ਸੰਧੂ ਨੇ ਕਿਹਾ ਕਿ ਗੁਰਮੀਤ ਕੜਿਆਲਵੀ ਦੇ ਨਾਲ ਸਾਂਝੇ ਤੌਰ ’ਤੇ ਸਨਮਾਨ ਦੇ ਕੇ ਲੋਕ ਮੰਚ ਪੰਜਾਬ ਨੇ ਉਨ੍ਹਾਂ ਨੂੰ ਫਿਰ ਤੋਂ ਜਵਾਨ ਕਰ ਦਿੱਤਾ ਹੈ। ਉਨ੍ਹਾਂ ਸਨਮਾਨ ਰਾਸ਼ੀ ਦੇ ਰੂਪ ਵਿਚ ਮਿਲੇ 51,000 ਰੁਪਏ ਲੋਕ ਭਲਾਈ ਦਾ ਕਾਰਜ ਕਰਨ ਵਾਲੇ ਟਰੱਸਟ ਨੂੰ ਭੇਟ ਕਰਨ ਦਾ ਮੌਕੇ ’ਤੇ ਹੀ ਐਲਾਨ ਕੀਤਾ।
ਗੁਰਮੀਤ ਕੜਿਆਲਵੀ ਨੇ ਕਿਹਾ ਕਿ ਉਸ ਲਈ ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਹੈ ਕਿ ਉਸ ਨੂੰ ਮਹਾਨ ਸ਼ਖਸੀਅਤ ਗੁਲਜ਼ਾਰ ਸਿੰਘ ਸੰਧੂ ਨਾਲ ਸਨਮਾਨ ਮਿਲ ਰਿਹਾ ਹੈ ਜਿਨ੍ਹਾਂ ਦੀਆਂ ਕਹਾਣੀਆਂ ਪੜ੍ਹ ਕੇ ਉਹ ਵੱਡਾ ਹੋਇਆ ਹੈ। ਇਸ ਮੌਕੇ ਲੋਕ ਮੰਚ ਪੰਜਾਬ ਦੇ ਉਪ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਯੋਗਰਾਜ ਸਿੰਘ, ਕੇ.ਕੇ. ਸ਼ਾਰਦਾ, ਨਿਰਮਲ ਜੌੜਾ, ਸੁਸ਼ੀਲ ਦੁਸਾਂਝ, ਡਾ. ਲਾਭ ਸਿੰਘ ਖੀਵਾ ਤੇ ਹਰਮੀਤ ਵਿਦਿਆਰਥੀ ਮੌਜੂਦ ਸਨ। ਸਮਾਗਮ ਦੀ ਕਾਰਵਾਈ ਦੀਪਕ ਸ਼ਰਮਾ ਚਨਾਰਥਲ ਨੇ ਚਲਾਈ।