ਪੱਤਰ ਪ੍ਰੇਰਕ
ਮਾਨਸਾ, 18 ਜੁਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ’ਤੇ ਦਵਾਈਆਂ ਦਾ ਛਿੜਕਾਅ ਵੀ ਫਸਲਾਂ ਨੂੰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੀ ਮਾਰ ਤੋਂ ਬਚਾਅ ਨਹੀਂ ਸਕਿਆ ਅਤੇ ਹੁਣ ਅੱਕੇ ਕਿਸਾਨ ਰੋਜ਼ਾਨਾ ਆਪਣੀ ਫ਼ਸਲ ਵਾਹ ਰਹੇ ਹਨ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਾ ਹੋਣ ’ਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ।
ਮਿਲੇ ਵੇਰਵਿਆਂ ਮੁਤਾਬਕ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਪੈਰੋਂ ਵਿੱਚ ਗੁਰਦੀਪ ਸਿੰਘ ਨੇ 1.5 ਏਕੜ, ਸੁਖਰਾਜ ਸਿੰਘ ਨੇ ਨੌਂ ਕਨਾਲ, ਹਰਬੰਸ ਸਿੰਘ ਨੇ ਦੋ ਏਕੜ, ਸੇਵਕ ਸਿੰਘ ਨੇ ਦੋ ਏਕੜ, ਸੁਖਰਾਜ ਸਿੰਘ ਨੇ ਦੋ ਏਕੜ, ਜਗਪਾਲ ਸਿੰਘ ਨੇ ਡੇਢ ਏਕੜ, ਗੁਰਜੀਤ ਸਿੰਘ ਨੇ ਤਿੰਨ ਏਕੜ, ਗਮਦੂਰ ਸਿੰਘ ਨੇ ਸੱਤ ਏਕੜ ਤੇ ਪਿੰਡ ਭਲਾਈਕੇ ’ਚ ਬੇਅੰਤ ਸਿੰਘ ਨੇ ਆਪਣਾ ਢਾਈ ਏਕੜ ਨਰਮਾ ਵਾਹਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਲਖਵੀਰ ਅਕਲੀਆ ਤੇ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਸਰਕਾਰ ਨੂੰ ਨਰਮਾ ਕਾਸ਼ਤਕਾਰਾਂ ਦੀ ਬਾਂਹ ਫੜਨੀ ਚਾਹੀਦੀ ਹੈ ਤੇ ਵਾਹੇ ਹੋਏ ਨਰਮੇ ਦੀ ਗਿਰਦਾਵਰੀ ਕਰਵਾ ਕੇ ਪ੍ਰਤੀ ਏਕੜ 60 ਹਜ਼ਾਰ ਰੁਪਏ ਮੁਆਵਜ਼ਾ ਦੇਣਾ ਚਾਹੀਦਾ ਹੈ। ਕਿਸਾਨ ਜਥੇਬੰਦੀ ਦਾ ਵਫ਼ਦ ਡੀਸੀ ਮਾਨਸਾ ਬਲਦੀਪ ਕੌਰ ਨੂੰ ਮਿਲਿਆ ਅਤੇ ਨੁਕਸਾਨੀ ਫ਼ਸਲ ਦਾ ਸਰਵੇਖਣ ਕਰਵਾਉਣ ਦੀ ਮੰਗ ਕੀਤੀ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਪਿੰਡ ਤੁੰਗਵਾਲੀ ਵਿੱਚ ਇੱਕ ਕਿਸਾਨ ਨੇ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਤੋਂ ਪ੍ਰੇਸ਼ਾਨ ਹੋ ਕੇ ਅੱਜ ਆਪਣੀ ਤਿੰਨ ਏਕੜ ਨਰਮੇ ਦੀ ਖੜ੍ਹੀ ਫ਼ਸਲ ਵਾਹ ਦਿੱਤੀ। ਪੀੜਤ ਕਿਸਾਨ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਗੁਲਾਬੀ ਸੁੰਡੀ ਕਾਰਨ ਉਸ ਕੋਲ ਹੋਰ ਕੋਈ ਰਾਹ ਨਹੀਂ ਸੀ ਬਚਿਆ। ਉਸ ਨੇ ਕਿਹਾ ਕਿ ਫ਼ਸਲ ਵਾਹੁਣ ਨਾਲ ਇੱਕ ਪਾਸੇ ਆਰਥਿਕ ਨੁਕਸਾਨ ਝੱਲਣਾ ਪਿਆ ਹੈ ਤੇ ਨਵੀਂ ਫ਼ਸਲ ਦੀ ਬਿਜਾਈ ਲਈ ਵੀ ਮੁੜ ਮਿਹਨਤ ਕਰਨੀ ਪਵੇਗੀ।
ਪੰਜ ਵਾਰ ਸਪਰੇਅ ਕਰਨ ਦੇ ਬਾਵਜੂਦ ਨਹੀਂ ਬਚੀ ਫ਼ਸਲ
ਨਥਾਣਾ (ਪੱਤਰ ਪ੍ਰੇਰਕ): ਚਿੱਟੇ ਮੱਛਰ ਅਤੇ ਹਰੇ ਤੇਲੇ ਤੋਂ ਤੰਗ ਆ ਕੇ ਪਿੰਡ ਗਿੱਦੜ ਦੇ ਦੋ ਕਿਸਾਨਾਂ ਗੁਰਦੀਪ ਸਿੰਘ ਤੇ ਰਣਜੋਧ ਸਿੰਘ ਨੇ ਚਾਰ ਏਕੜ ਰਕਬੇ ’ਚ ਖੜ੍ਹੀ ਨਰਮੇ ਦੀ ਫ਼ਸਲ ਵਾਹ ਦਿੱਤੀ। ਪੀੜਤ ਕਿਸਾਨਾਂ ਨੇ ਦੱਸਿਆ ਕਿ ਪੰਜ ਸਪਰੇਆਂ ਕਰਨ ਦੇ ਬਾਵਜੂਦ ਉਹ ਆਪਣੀ ਫ਼ਸਲ ਨੂੰ ਬਚਾਅ ਨਹੀਂ ਸਕਿਆ। ਰਣਜੋਧ ਸਿੰਘ ਨੇ ਦੱਸਿਆ ਕਿ ਉਸ ਨੇ ਜ਼ਮੀਨ ਠੇਕੇ ’ਤੇ ਲੈ ਕੇ ਨਰਮੇ ਦੀ ਬਿਜਾਈ ਕੀਤੀ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਬਦਲਾਅ ਵਜੋਂ ਨਰਮੇ ਦੀ ਖੇਤੀ ’ਤੇ ਜ਼ੋਰ ਦੇ ਰਹੀ ਹੈ, ਪਰ ਇਸ ਫ਼ਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ।