ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 8 ਦਸੰਬਰ
ਇੱਥੇ ਸਿਵਲ ਹਸਪਤਾਲ ਸਾਹਮਣੇ ਬਣਨ ਜਾ ਰਹੇ ਤਹਿਸੀਲ ਕੰਪਲੈਕਸ ਵਾਲੀ ਜਗ੍ਹਾ ’ਤੇ ਪਹਿਲਾਂ ਤੋਂ ਬਣੇ ਸ਼ਿਵ ਮੰਦਰ ਅਤੇ ਕੁੱਝ ਪਰਿਵਾਰਾਂ ਦੀਆਂ ਸਤੀਆਂ ਦੇ ਮੰਦਰਾਂ ਨੂੰ ਪ੍ਰਸ਼ਾਸਨ ਵੱਲੋਂ ਤੋੜੇ ਜਾਣ ਦੇ ਰੋਸ ਵਜੋਂ ਅੱਜ ਸਰਹਿੰਦ ਮੰਡੀ ਤੇ ਸਰਹਿੰਦ ਸ਼ਹਿਰ ਅਤੇ ਲਾਗਲੇ ਪਿੰਡਾਂ ਦੇ ਲੋਕਾਂ ਵੱਲੋਂ ਸਰਹਿੰਦ ਦੇ ਜੀਟੀ ਰੋਡ ’ਤੇ ਧਰਨਾ ਦੇ ਕੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਉਨ੍ਹਾਂ ਦੀ ਪਤਨੀ ਮਨਦੀਪ ਕੌਰ ਨਾਗਰਾ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਰੋਸ ਜ਼ਾਹਿਰ ਕੀਤਾ ਗਿਆ।
ਇਸ ਧਰਨੇ ਵਿਚ ਸਰਹਿੰਦ ਦੀਆਂ ਧਾਰਮਿਕ, ਸਿਆਸੀ ਅਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੰਦਰ ਤੋੜਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਕੇਸ ਦਰਜ ਕਰ ਕੇ ਗ੍ਰਿਫਤਾਰ ਕਰਨ ਅਤੇ ਉਸੇ ਸਥਾਨ ’ਤੇ ਦੁਬਾਰਾ ਮੰਦਰ ਬਣਾਉਣ ਦੀ ਮੰਗ ਕੀਤੀ। ਧਰਨੇ ’ਚ ਸ਼ਮੂਲੀਅਤ ਕਰਦੇ ਹੋਏ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਕਿਸਾਨ ਆਗੂ ਸਰਬਜੀਤ ਸਿੰਘ ਮੱਖਣ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਲਖਬੀਰ ਸਿੰਘ ਰਾਏ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਰਦੀਪ ਕੁਮਾਰ ਗਰਗ, ਪਰਦੀਪ ਮਲਹੋਤਰਾ, ਵਿਸ਼ਵ ਹਿੰਦੂ ਪ੍ਰੀਸ਼ਦ ਸਰਹਿੰਦ ਦੇ ਪ੍ਰਧਾਨ ਸ਼ਸ਼ੀ ਉੱਪਲ, ਮੰਡੀ ਗੋਬਿੰਦਗੜ੍ਹ ਤੋਂ ਸੁਨੀਲ ਕੁਮਾਰ ਅਤੇ ਬਸੀ ਪਠਾਣਾਂ ਤੋਂ ਮਨੋਜ ਬਾਂਡਾ ਅਤੇ ਅਰੁਨ ਪਾਠਕ ਨੇ ਸਾਂਝੇ ਤੌਰ ’ਤੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਮਹਾਨ ਸਥਾਨ ਤੋਂ ਕੁੱਝ ਦੂਰੀ ’ਤੇ ਬਣੇ ਮੰਦਰ ਨੂੰ ਤੋੜ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਧਰਨਾ ਦੇ ਰਹੀਆਂ ਜੱਥੇਬੰਦੀਆਂ ਵੱਲੋਂ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਇੱਕ ਅੱਠ ਮੈਂਬਰੀ ਟੀਮ ਦਾ ਗਠਨ ਵੀ ਕੀਤਾ ਗਿਆ। ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਸਰਬਜੀਤ ਸਿੰਘ ਮੱਖਣ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਮੰਦ ਤੋੜਨ ਵਾਲਿਆਂ ਵਿਰੁੱਧ ਕਾਰਵਾਈ ਨਹੀਂ ਕਰਦੀ ਅਤੇ ਦੁਬਾਰਾ ਉਸੇ ਸਥਾਨ ’ਤੇ ਮੰਦਰ ਦਾ ਨਿਰਮਾਣ ਸ਼ੁਰੂ ਨਹੀਂ ਕਰਵਾਉਂਦੀ, ਧਰਨਾ ਦਿਨ-ਰਾਤ ਜਾਰੀ ਰਹੇਗਾ। ਧਰਨਾ ਦੇ ਰਹੀਆਂ ਜੱਥੇਬੰਦੀਆਂ ਨੇ ਕਿਹਾ ਕਿ ਭਲਕੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਬਸੀ ਪਠਾਣਾਂ, ਖਮਾਣੋ, ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਸ਼ਹਿਰਾਂ ਦੇ ਬਾਜ਼ਾਰ ਤੇ ਹੋਰ ਅਦਾਰੇ ਬੰਦ ਰਹਿਣਗੇ ਅਤੇ ਜਾਮ ਲਗਾਤਾਰ ਜਾਰੀ ਰਹੇਗਾ।
ਉੱਧਰ, ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਨੂੰ ਗੱਲਬਾਤ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਲਪੈਕਸ ਸੱਦਿਆ ਗਿਆ ਪਰ ਧਰਨਾਕਾਰੀਆਂ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨਾਲ ਗੱਲਬਾਤ ਜੀ.ਟੀ. ਰੋਡ ’ਤੇ ਲੱਗੇ ਜਾਮ ਵਾਲੀ ਥਾਂ ’ਤੇ ਹੀ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਜੀਟੀ ਰੋਡ ’ਤੇ ਧਰਨਾ ਜਾਰੀ ਸੀ।
ਉਪਰੰਤ ਦੇਸ਼ ਸ਼ਾਮ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਮੌਕੇ ’ਤੇ ਪਹੁੰਚ ਕੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਮੰਨਦਿਆਂ ਯੋਗ ਕਾਰਵਾਈ ਕੀਤੀ ਜਾਵੇਗੀ। ਉਸ ਮਗਰੋਂ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।