ਜੋਗਿੰਦਰ ਸਿੰਘ ਮਾਨ
ਮਾਨਸਾ, 13 ਮਈ
ਤਾਪਮਾਨ ਵਧਣ ਕਾਰਨ ਮਾਲਵਾ ਖੇਤਰ ਵਿੱਚ ਨਰਮੇ ਦੀ ਫ਼ਸਲ ਉੱਗਦੇ ਸਾਰ ਹੀ ਸੜਨ ਲੱਗੀ ਹੈ। ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਮੰਨਿਆ ਕਿ ਬੀਟੀ ਕਾਟਨ ਦੀ ਪੁੰਗਰਦੀ ਫ਼ਸਲ ਨੂੰ ਗਰਮੀ ਪ੍ਰਭਾਵਿਤ ਕਰ ਰਹੀ ਹੈ। ਇਸ ਵਾਰ ਨਹਿਰਾਂ ਦੀ ਬੰਦੀ ਅਤੇ ਖੇਤੀ ਮੋਟਰਾਂ ਲਈ ਵਿਸ਼ੇਸ਼ ਬਿਜਲੀ ਸਪਲਾਈ ਨਾ ਮਿਲਣ ਕਾਰਨ ਨਰਮੇ ਦੀ ਬਿਜਾਈ ਆਮ ਨਾਲੋਂ ਪੱਛੜ ਕੇ ਹੋਈ ਹੈ, ਜਿਸ ਕਾਰਨ ਬੀਟੀ ਨਰਮਾ ਤੇਜ਼ ਤੇ ਤਿੱਖੀ ਧੁੱਪ ਨਹੀਂ ਸਹਾਰ ਰਿਹਾ। ਮਾਹਿਰਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਜੇਕਰ ਤਾਪਮਾਨ ਵਿੱਚ ਗਿਰਾਵਟ ਨਾ ਆਈ ਤਾਂ ਮਾਲਵਾ ਖੇਤਰ ਵਿੱਚ ਹਜ਼ਾਰਾਂ ਏਕੜ ਨਰਮੇ ਦੀ ਨਿੱਕੀ ਫ਼ਸਲ ਮਰ ਜਾਵੇਗੀ। ਖੇਤੀ ਮਹਿਕਮੇ ਦੇ ਸਰਵੇਖਣ ਮੁਤਾਬਕ ਇਸ ਵੇਲੇ ਨਰਮੇ ਦੀਆਂ ਅਗੇਤੀਆਂ ਬੀਜੀਆਂ ਬੀਟੀ ਕਾਟਨ ਦੀਆਂ ਕਿਸਮਾਂ ਨੂੰ ਵੀ ਪਾਣੀ ਦੀ ਲੋੜ ਪੈ ਗਈ ਹੈ, ਜਦਕਿ ਪਿਛੇਤਾ ਨਰਮਾ ਪਹਿਲਾਂ ਹੀ ਜ਼ਿਆਦਾ ਗਰਮੀ ਕਾਰਨ ਸਹਿਕ ਰਿਹਾ ਹੈ। ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਤਾਪਮਾਨ ਵਧਣ ਕਾਰਨ ਨਰਮੇ ਦੀ ਫ਼ਸਲ ਨੁਕਸਾਨੀ ਜਾ ਰਹੀ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਮਈ ਮਹੀਨੇ ਦੀ ਗਰਮੀ ਨਾਲ ਸਬਜ਼ੀਆਂ, ਹਰੇ-ਚਾਰੇ ਦੇ ਨਾਲ ਨਰਮੇ ਦੀ ਫ਼ਸਲ ਸੁੱਕਣ ਲੱਗੀ ਹੈ।