ਬੀਰਬਲ ਰਿਸ਼ੀ
ਸ਼ੇਰਪੁਰ, 9 ਜੁਲਾਈ
ਐੱਨਆਰਆਈ ਮਲਕੀਤ ਸਿੰਘ ਦੇ ਘਰੋਂ ਬਰਾਮਦ ਕੀਤਾ ਗਿਆ ਗ੍ਰਨੇਡ ਵਿਸ਼ੇਸ਼ ਦਸਤੇ ਨੇ ਬੀਤੀ ਰਾਤ ਹੀ ਨਕਾਰਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਨਿਰਭੈ ਸਿੰਘ ਆਪਣੇ ਬਜ਼ੁਰਗ ਮਾਤਾ-ਪਿਤਾ ਨਾਲ ਪਿੰਡ ਹੇੜੀਕੇ ਵਿੱਚ ਰਹਿੰਦਾ ਹੈ। ਉਸ ਦਾ ਭਰਾ ਮਲਕੀਤ ਸਿੰਘ ਅਮਰੀਕਾ ਗਿਆ ਹੋਇਆ ਹੈ। ਖੰਨਾ ਪੁਲੀਸ ਨੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੁੱਝ ਵਿਅਕਤੀਆਂ ਦੀ ਪੁੱਛਗਿੱਛ ਮਗਰੋਂ ਨਿਰਭੈ ਸਿੰਘ ਦੇ ਘਰੋਂ ਗ੍ਰਨੇਡ ਬਰਾਮਦ ਕੀਤਾ। ਕਿਸਾਨ ਦਾ ਪਰਿਵਾਰ ਇਸ ਤੋਂ ਪੂਰੀ ਤਰਾਂ ਅਣਜਾਣ ਸੀ। ਇਸ ਸਬੰਧੀ ਖੰਨਾ ਦੇ ਡੀਐੱਸਪੀ ਮਨਮੋਹਣ ਸ਼ਰਮਾ ਦੱਸਿਆ ਕਿ ਜਾਂਚ ਚੱਲ ਰਹੀ ਹੈ। ਉਂਜ ਖੰਨਾ ਪੁਲੀਸ ਵੱਲੋਂ ਇੱਕ ਕੇਸ ਵਿੱਚ ਗ੍ਰਿਫ਼ਤਾਰ ਵਿਅਕਤੀਆਂ ਦਾ ਸਬੰਧ ਖਾਲਿਸਤਾਨ ਟਾਈਗਰ ਫੋਰਸ ਨਾਲ ਹੈ।
ਕਾਂਗਰਸੀ ਆਗੂ ਅਵਤਾਰ ਸਿੰਘ ਦੀ ਹਾਜ਼ਰੀ ’ਚ ਨਿਰਭੈ ਸਿੰਘ ਨੇ ਦੱਸਿਆ ਕਿ ਉਸ ਦੇ ਵਿਦੇਸ਼ ਬੈਠੇ ਭਰਾ ਨੂੰ ਧਮਕੀਆਂ ਮਿਲਦੀਆਂ ਸਨ ਅਤੇ ਬੀਤੇ ਮਹੀਨੇ ਉਨ੍ਹਾਂ ਦੇ ਘਰ ਦੇ ਗੇਟ ’ਤੇ ਕਿਸੇ ਨੇ ਗੋਲੀ ਵੀ ਚਲਾਈ। ਇਸ ਸਬੰਧੀ ਵੀਡੀਓ ਪਰਿਵਾਰ ਨੂੰ ਭੇਜੇ ਜਾਣ ਮਗਰੋਂ ਹੀ ਉਨ੍ਹਾਂ ਨੂੰ ਆਪਣੇ ਘਰ ’ਤੇ ਹੋਏ ਹਮਲੇ ਦਾ ਪਤਾ ਲੱਗਿਆ ਸੀ।
ਵਿਸ਼ੇਸ਼ ਦਸਤੇ ਨੇ ਲਮਲੈਹੜੀ ਨੇੜੇ ਬੰਬ ਨਸ਼ਟ ਕੀਤਾ
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਲਮਲੈਹੜੀ ਨਜ਼ਦੀਕ ਸੁੱਟੇ ਗਏ ਬੰਬ ਨੂੰ ਅੱਜ ਪੀਏਪੀ ਦੇ ਵਿਸ਼ੇਸ਼ ਦਸਤੇ ਨੂੰ ਬੁਲਾ ਕੇ ਨਸ਼ਟ ਕਰਵਾ ਦਿੱਤਾ ਗਿਆ। ਡੀਐੱਸਪੀ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਬੀਤੇ ਦਿਨੀਂ ਖੰਨਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਨੇ ਦੱਸਿਆ ਸੀ ਕਿ ਉਨ੍ਹਾਂ ਸੰਗਰੂਰ ਵਿੱਚ ਖਾਲੀ ਜਗ੍ਹਾ ਇਹ ਬੰਬ ਸੁੱਟਿਆ ਸੀ ਪਰ ਚੱਲਿਆ ਨਹੀਂ। ਇਸੇ ਤਰ੍ਹਾਂ ਲਮਲੈਹੜੀ ਵਾਲੇ ਪਾਸੇ ਘੁੰਮ ਰਹੇ ਉਨ੍ਹਾਂ ਦੇ ਸਾਥੀਆਂ ਨੇ ਵੀ ਬੰਬ ਸੁੱਟਿਆ ਅਤੇ ਉਹ ਉਦੋਂ ਵੀ ਨਾ ਚੱਲਿਆ। ਇਸ ਮਗਰੋਂ ਅੱਜ ਖੰਨਾ ਪੁਲੀਸ ਨੇ ਪੀਏਪੀ ਦੇ ਵਿਸ਼ੇਸ਼ ਦਸਤੇ ਨੂੰ ਬੁਲਾ ਕੇ ਬੰਬ ਨਸ਼ਟ ਕਰਵਾ ਦਿੱਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਮਾਮਲਿਆਂ ’ਚ ਪਿੰਡ ਡਾਢੀ ਦਾ ਜਸਪ੍ਰੀਤ ਸਿੰਘ ਨੂੰਪੀ, ਜੋ ਪਟਿਆਲਾ ਜੇਲ੍ਹ ਤੋੜ ਕੇ ਫਰਾਰ ਹੋਣ ਦੇ ਮਾਮਲੇ ਵਿਚ ਨਾਮਜ਼ਦ ਸੀ, ਵੀ ਸ਼ਾਮਲ ਹੈ