ਪਾਲ ਸਿੰਘ ਨੌਲੀ
ਜਲੰਧਰ, 16 ਮਾਰਚ
ਕਾਮੇਡੀ ਕਲਾਕਾਰ ਤੋਂ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਵਾਲੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿਚ ਵੱਡੀ ਗਿਣਤੀ ਕਲਾਕਾਰਾਂ ਨੇ ਹਾਜ਼ਰੀ ਭਰੀ। ਉਨ੍ਹਾਂ ਨੇ ਕਲਾਕਾਰ ਭਾਈਚਾਰੇ ’ਚੋਂ ਪੰਜਾਬ ਦੀ ਕਮਾਂਡ ਸੰਭਾਲਣ ਵਾਲੇ ਭਗਵੰਤ ਮਾਨ ਨੂੰ ਮੁਬਾਰਕਬਾਦ ਦਿੱਤੀ ਅਤੇ ਕਲਾਕਾਰਾਂ, ਗਾਇਕਾਂ ਤੇ ਫਿਲਮੀ ਖੇਤਰ ਵਿਚ ਆਈ ਗਿਰਾਵਟ ਅਤੇ ਖੜੋਤ ਦੂਰ ਹੋਣ ਦੀ ਉਮੀਦ ਪ੍ਰਗਟਾਈ।
ਸਹੁੰ ਚੁੱਕ ਸਮਾਗਮ ਵਿਚ ਪਹੁੰਚੇ ਕਲਾਕਾਰ ਕਰਮਜੀਤ ਅਨਮੋਲ ਨੇ ਦੱਸਿਆ ਕਿ ਉਸ ਨੇ ਭਗਵੰਤ ਮਾਨ ਨਾਲ ਬਹੁਤ ਲੰਮਾ ਸਮਾਂ ਕੰਮ ਕੀਤਾ ਹੈ ਤੇ ਉਨ੍ਹਾਂ ਦਾ ਜਿਗਰੀ ਯਾਰ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੀ ਵਾਗਡੋਰ ਉਦੋਂ ਸੰਭਾਲ ਰਿਹਾ ਹੈ ਜਦੋਂ ਕਣਕਾਂ ਦਾ ਰੰਗ ਸੁਨਹਿਰੀ ਹੋਣ ਲੱਗ ਪਿਆ ਹੈ, ਸਰ੍ਹੋਂ ਦੇ ਖੇਤ ਵੀ ਮਹਿਕਾਂ ਖਿਲਾਰ ਰਹੇ ਹਨ ਤੇ ਦਰੱਖਤਾਂ ਦੀਆਂ ਕਰੂੰਬਲਾਂ ਫੁੱਟ ਰਹੀਆਂ ਹਨ। ਅਜਿਹੇ ਮੌਕੇ ਪੰਜਾਬ ਦਾ ਹਰ ਬਾਸ਼ਿੰਦਾ ਭਗਵੰਤ ਮਾਨ ਤੋਂ ਵੱਡੀਆਂ ਆਸਾਂ ਤੇ ਉਮੀਦਾਂ ਲਾ ਕੇ ਬੈਠਾ ਹੈ। ਕਰਮਜੀਤ ਅਨਮੋਲ ਨੇ ਕਿਹਾ ਕਿ ਇਨਕਲਾਬ ਦੀ ਸ਼ੁਰੂਆਤ ਹੋ ਚੁੱਕੀ ਹੈ।
ਪੰਜਾਬੀ ਗਾਇਕ ਗੁਰਦਾਸ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਕੰਮ ਨਹੀਂ ਮਿਲ ਰਿਹਾ ਜਿਸ ਕਾਰਨ ਉਹ ਪੰਜਾਬ ਛੱਡ ਕੇ ਜਾ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਭਗਵੰਤ ਮਾਨ ਇਸ ਵਿਚ ਵੱਡਾ ਬਦਲਾਅ ਲਿਆਏਗਾ। ਗੁਰਦਾਸ ਮਾਨ ਨੇ ਭਗਵੰਤ ਮਾਨ ਨੂੰ ਪੰਜਾਬ ਦੀ ਸ਼ਾਨ ਦੱਸਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਜਿੱਤ ਨਾਲ ਇਕ ਨਵੀਂ ਪਰੰਪਰਾ ਸ਼ੁਰੂ ਹੋ ਗਈ ਹੈ।
ਸਿਆਸਤ ਵਿੱਚ ਟੀਸੀ ’ਤੇ ਪਹੁੰਚਿਆ ਭਗਵੰਤ: ਸਦੀਕ
ਸੰਸਦ ਮੈਂਬਰ ਤੇ ਗਾਇਕ ਮੁਹੰਮਦ ਸਦੀਕ ਨੇ ਕਿਹਾ ਕਿ ਭਗਵੰਤ ਮਾਨ ਜਿਥੇ ਸੰਸਦ ਵਿਚ ਉਨ੍ਹਾਂ ਦਾ ਸਾਥੀ ਰਿਹਾ ਹੈ, ਉਥੇ ਕਲਾਕਾਰਾਂ ਵਿਚ ਵੀ ਉਸ ਨੇ ਮੂਹਰਲੀ ਕਤਾਰ ਮੱਲ ਰੱਖੀ ਸੀ। ਹੁਣ ਸਿਆਸਤ ਵਿਚ ਉਹ ਟੀਸੀ ’ਤੇ ਪਹੁੰਚ ਗਿਆ ਹੈ। ਇਹ ਸਾਰਾ ਕੁਝ ਉਸ ਦੀ ਮਿਹਨਤ, ਲਗਨ ਤੇ ਦਿਆਨਤਦਾਰੀ ਸਦਕਾ ਹੋਇਆ ਹੈ। ਸਦੀਕ ਨੇ ਕਿਹਾ ਕਿ ਉਨ੍ਹਾਂ ਨੇ ਇਕੱਠਿਆਂ ਸਟੇਜ ’ਤੇ ਕੰਮ ਕੀਤਾ ਹੈ। ਪੰਜਾਬ ਦੇ ਲੋਕਾਂ ਨੂੰ ਉਹ ਪਸੰਦ ਆਏ ਤੇ ਉਹ ਉਮੀਦ ਰੱਖਦੇ ਹਨ ਕਿ ਉਹ ਪੰਜਾਬ ਨੂੰ ਹੋਰ ਵੀ ਬਿਹਤਰ ਬਣਾਉਣਗੇ।