ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 14 ਜੂਨ
ਇੱਥੋਂ ਦੇ ਫੇਜ਼-3ਬੀ1 ਦੀ ਮਾਰਕੀਟ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਅਤੇ ਦੁੱਧ ਦਾ ਕਰੇਟ ਚੁੱਕ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮਾਰਕੀਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਉਪਰੰਤ ਐੱਸਐੱਸਪੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੀਸੀਆਰ ਡਿਊਟੀ ’ਤੇ ਤਾਇਨਾਤ ਦੋਵੇਂ ਛੋਟੇ ਥਾਣੇਦਾਰਾਂ ਏਐੱਸਆਈ ਜਸਵੀਰ ਸਿੰਘ-1 ਅਤੇ ਏਐੱਸਆਈ ਜਸਵੀਰ ਸਿੰਘ-2 ਨੂੰ ਮੁਅੱਤਲ ਕਰ ਦਿੱਤਾ ਹੈ। ਮਾਰਕੀਟ ਦੇ ਕਾਰਜਕਾਰੀ ਪ੍ਰਧਾਨ ਰਤਨ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਕਰੀਬ ਸਾਢੇ 5 ਵਜੇ ਪੀਸੀਆਰ ਦੀ ਗੱਡੀ ਮਾਰਕੀਟ ਦੇ ਬਾਹਰ ਆ ਕੇ ਰੁਕੀ ਜਿਸ ਵਿੱਚ ਦੋ ਛੋਟੇ ਥਾਣੇਦਾਰ ਸਵਾਰ ਸਨ। ਇਕ ਥਾਣੇਦਾਰ ਨੇ ਵਰਦੀ ਦਾ ਕਥਿਤ ਰੋਅਬ ਝਾੜਦਿਆਂ ਜ਼ਬਰਦਸਤੀ ਦੁਕਾਨਾਂ ਬੰਦ ਕਰਨ ਲਈ ਆਖਦਿਆਂ ਦੁਕਾਨਾਂ ਦੇ ਅੱਗੇ ਪਿਆ ਸਾਮਾਨ ਚੁੱਕ ਕੇ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ ਜਦਕਿ ਪੰਜਾਬ ਸਰਕਾਰ ਦੇ ਹੁਕਮਾਂ ਵਿੱਚ ਸਾਫ਼ ਲਿਖਿਆ ਹੋਇਆ ਸੀ ਕਿ ਕੈਮਿਸਟ, ਕਰਿਆਨਾ ਅਤੇ ਕਨਫੈਕਸ਼ਨਰੀ ਦੀਆਂ ਦੁਕਾਨਾਂ ਸ਼ਾਮ ਸੱਤ ਵਜੇ ਤੱਕ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ। ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਪੁਲੀਸ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। ਇਸ ਦੌਰਾਨ ਇਕ ਛੋਟੇ ਥਾਣੇਦਾਰ ਨੇ ਅੰਕੁਸ਼ ਕਰਿਆਨਾ ਸਟੋਰ ਦੇ ਬਾਹਰੋਂ ਦੁੱਧ ਦਾ ਕਰੇਟ ਚੁੱਕ ਕੇ ਪੀਸੀਆਰ ਗੱਡੀ ਵਿੱਚ ਰੱਖ ਲਿਆ ਅਤੇ ਦੁਕਾਨਦਾਰਾਂ ਨੂੰ ਵੀ ਕਥਿਤ ਤੌਰ ’ਤੇ ਮੰਦਾ ਬੋਲਿਆ।
ਦੋਵਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ
ਮੁਹਾਲੀ ਦੇ ਐੱਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੀਸੀਆਰ ਡਿਊਟੀ ’ਤੇ ਤਾਇਨਾਤ ਦੋਵਾਂ ਏਐੱਸਆਈ ਜਸਵੀਰ ਸਿੰਘ-1 ਅਤੇ ਜਸਵੀਰ ਸਿੰਘ-2 ਨੂੰ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸਮੁੱਚੇ ਜ਼ਿਲ੍ਹੇ ਅੰਦਰ ਸਮੂਹ ਪੁਲੀਸ ਮੁਲਾਜ਼ਮਾਂ ਖਾਸ ਕਰਕੇ ਪੀਸੀਆਰ ਜਵਾਨਾਂ ਨੂੰ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਜੇਕਰ ਦੁਬਾਰਾ ਅਜਿਹੀ ਕੋਈ ਘਟਨਾ ਵਾਪਰੀ ਤਾਂ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।