ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 7 ਫਰਵਰੀ
ਇਥੋਂ ਦੀ ਕਲਗੀਧਰ ਕਲੋਨੀ ’ਚ ਗ੍ਰੰਥੀ ਸਿੰਘ ਵਲੋਂ ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਠ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਮ੍ਰਿਤਕਾ ਦੇ ਪਤੀ ਜਸਵਿੰਦਰ ਸਿੰਘ ਖ਼ਿਲਾਫ਼ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਪੁਲੀਸ ਕਾਰਵਾਈ ਤੋਂ ਅਸੰਤੁਸ਼ਟ ਮ੍ਰਿਤਕਾ ਦੇ ਵਾਰਸਾਂ ਨੇ ਹੋਰ ਮੁਲਜ਼ਮਾਂ ਨੂੰ ਪਰਚੇ ਵਿਚ ਸ਼ਾਮਲ ਕਰਵਾਉਣ ਲਈ ਜੀਟੀ ਰੋਡ ’ਤੇ ਧਰਨਾ ਲਾਇਆ। ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਖਾਲਸਾ ਆਪਣੀ 34 ਸਾਲਾ ਪਤਨੀ ਤੇ ਦੋ ਬੇਟਿਆਂ ਸਣੇ ਕਲਗੀਧਰ ਕਲੋਨੀ ਵਿਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਹ ਥੰਮਣਗੜ੍ਹ ਪਿੰਡ ਵਿਚ ਗੁਰਦੁਆਰੇ ਦਾ ਗ੍ਰੰਥੀ ਅਤੇ ਪ੍ਰਚਾਰਕ ਵੀ ਸੀ। ਦੋਵਾਂ ਪਤੀ-ਪਤਨੀ ਦਰਮਿਆਨ ਆਪਸੀ ਝਗੜਾ ਰਹਿੰਦਾ ਸੀ। ਮ੍ਰਿਤਕਾ ਦੀ ਮਾਂ ਜੋਗਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਧੀ ਨੇ ਫੋਨ ਕੀਤਾ ਸੀ ਜਿਸ ਕਰ ਕੇ ਉਹ ਰਾਮਪੁਰਾ ਫੂਲ ਪਹੁੰਚੀ ਪਰ ਘਰ ਦਾ ਦਰਵਾਜ਼ਾ ਬੰਦ ਸੀ ਜਿਸ ਨੂੰ ਕਾਫੀ ਦੇਰ ਬਾਅਦ ਜਵਾਈ ਜਸਵਿੰਦਰ ਸਿੰਘ ਨੇ ਖੋਲ੍ਹਿਆ। ਉਸ ਦੇ ਅੰਦਰ ਜਾਣ ਤੋਂ ਪਹਿਲਾਂ ਹੀ ਉਸ ਦੀ ਧੀ ਦੀ ਹੱਤਿਆ ਹੋ ਗਈ ਸੀ। ਥਾਣਾ ਮੁਖੀ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਤੋਂ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਉਸ ਨੂੰ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਸੀ, ਜਿਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਵਲੋਂ ਜਾਂਚ ਕੀਤੀ ਜਾਵੇਗੀ ਤੇ ਜੇ ਕੋਈ ਹੋਰ ਦੋਸ਼ੀ ਮਿਲਿਆ ਤਾਂ ਉਸ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇਗਾ। ਉਧਰ ਮ੍ਰਿਤਕਾ ਦੇ ਵਾਰਸਾਂ ਨੇ ਮੰਗ ਕੀਤੀ ਕਿ ਜਸਵਿੰਦਰ ਸਿੰਘ ਦੇ ਭਰਾ ਨੂੰ ਵੀ ਪਰਚੇ ਵਿਚ ਸ਼ਾਮਲ ਕੀਤਾ ਜਾਵੇ।