ਗਗਨਦੀਪ ਅਰੋੜਾ
ਲੁਧਿਆਣਾ, 20 ਜੁਲਾਈ
ਇਥੋਂ ਨੇੜਲੇ ਪਿੰਡ ਸੇਖੋਵਾਲ ’ਚ ਸਨਅਤੀ ਪਾਰਕ ਦੇ ਨਾਂ ’ਤੇ ਐਕੁਵਾਇਰ ਕੀਤੀ ਜਾ ਰਹੀ ਪਿੰਡ ਦੀ 407 ਏਕੜ ਖੇਤੀਯੋਗ ਜ਼ਮੀਨ ਦੇ ਮਾਮਲੇ ਵਿਚ ਭਲਕੇ ਪਿੰਡ ਵਾਸੀ ਗ੍ਰਾਮ ਸਭਾ ਦਾ ਇਕੱਠ ਕਰਕੇ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦੇਣਗੇ। ਪਿੰਡ ਦੀ ਸਰਪੰਚ ਵੱਲੋਂ ਸਵੇਰੇ 11 ਵਜੇ ਪਿੰਡ ਵਿਚ ਇਕੱਠ ਰੱਖਿਆ ਗਿਆ ਹੈ ਜਿਸ ਸਬੰਧੀ ਜਾਣਕਾਰੀ ਪਿੰਡ ਵਾਸੀਆਂ, ਸਰਕਾਰ ਤੇ ਪੰਚਾਇਤੀ ਵਿਭਾਗ ਨੂੂੰ ਭੇਜ ਦਿੱਤੀ ਗਈ ਹੈ।
ਸਰਪੰਚ ਅਮਰੀਕ ਕੌਰ ਦਾ ਕਹਿਣਾ ਹੈ ਕਿ ਅਫ਼ਸਰਾਂ ਨੇ ਗਲਤ ਤਰੀਕੇ ਨਾਲ ਉਨ੍ਹਾਂ ਨੂੰ ਧੋਖੇ ਵਿਚ ਰੱਖ ਕੇ ਮਤੇ ’ਤੇ ਦਸਤਖਤ ਕਰਵਾਏ ਸਨ ਜਿਸ ਨੂੰ ਰੱਦ ਕਰਨ ਲਈ ਮਤਾ ਪਾਇਆ ਜਾਏਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਾਸੀਆਂ ਨੇ 36 ਸਾਲ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਪਿੰਡ ਦੀ ਜ਼ਮੀਨ ਪੰਚਾਇਤ ਦੇ ਨਾਂ ਕਰਵਾਈ ਸੀ, ਹੁਣ ਪਿੰਡ ਦੇ ਹਰ ਘਰ ਕੋਲ 5-5 ਏਕੜ ਪੰਚਾਇਤ ਜ਼ਮੀਨ ਹੈ ਜਿਸ ’ਤੇ ਖੇਤੀ ਕਰਕੇ ਪਿੰਡ ਵਾਸੀ ਗੁਜ਼ਾਰਾ ਕਰ ਰਹੇ ਹਨ। ਪਿੰਡ ਦੇ ਸਾਬਕਾ ਸਰਪੰਚ ਧੀਰ ਸਿੰਘ ਨੇ ਦੱਸਿਆ ਕਿ ਹੁਣ ਪਿੰਡ ਵਾਸੀਆਂ ਦਾ ਭਲਕੇ ਇਕੱਠ ਕੀਤਾ ਜਾ ਰਿਹਾ ਹੈ ਜਿਸ ਵਿਚ ਪਿੰਡ ਵਾਸੀ ਅਗਲਾ ਫੈਸਲਾ ਲੈਣਗੇ।
‘ਆਪ’ ਨੇ ਕੌਮੀ ਐੱਸਸੀ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ) ਲੁਧਿਆਣਾ ਦੇ ਪਿੰਡ ਸੇਖੋਵਾਲ ਦੀ ਜ਼ਮੀਨ ਦੇ ਮਸਲੇ ਸਬੰਧੀ ਆਮ ਆਦਮੀ ਪਾਰਟੀ (ਆਪ) ਦੇ ਆਗੂ ਪ੍ਰਿੰਸੀਪਲ ਬੁੱਧ ਰਾਮ, ਸਰਬਜੀਤ ਕੌਰ ਮਾਣੂੰਕੇ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਰੁਪਿੰਦਰ ਕੌਰ ਰੂਬੀ ਅਤੇ ਮਾਸਟਰ ਬਲਦੇਵ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕੌਮੀ ਐੱਸਸੀ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਉਨ੍ਹਾਂ ਸਨਅਤੀ ਪ੍ਰਾਜੈਕਟਾਂ ਦੇ ਨਾਂ ’ਤੇ ਸੇਖੋਵਾਲ ਪਿੰਡ ਦੀ ਦਲਿਤ ਆਬਾਦੀ ਦੇ ਉਜਾੜੇ ਨੂੰ ਰੋਕਣ ਦੀ ਮੰਗ ਕੀਤੀ ਹੈ। ‘ਆਪ’ ਵਿਧਾਇਕਾਂ ਨੇ ਇਸ ਪੱਤਰ ਦੀ ਕਾਪੀ ਐੱਸ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਨੂੰ ਵੀ ਭੇਜੀ ਹੈ। ‘ਆਪ’ ਆਗੂਆਂ ਨੇ ਦੱਸਿਆ ਕਿ ਸੇਖੋਵਾਲ ਦੀ ਪੰਚਾਇਤੀ ਜ਼ਮੀਨ ’ਤੇ ਦਲਿਤ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਖੇਤੀ ਕਰਦੇ ਆ ਰਹੇ ਹਨ। ਪੰਜਾਬ ਸਰਕਾਰ ਨੇ ਇੰਡਸਟਰੀ ਦੇ ਨਾਮ ’ਤੇ ਸੇਖੋਵਾਲ ਦੀ ਸਾਰੀ 407 ਏਕੜ ਜ਼ਮੀਨ ਐਕੁਆਇਰ ਕਰਨ ਦਾ ਫ਼ਰਮਾਨ ਸੁਣਾ ਦਿੱਤਾ, ਜਿਸ ਨਾਲ ਪਿੰਡ ਦੇ ਦਲਿਤ ਪਰਿਵਾਰਾਂ ਦਾ ਰੁਜ਼ਗਾਰ ਖ਼ਤਮ ਹੋ ਜਾਵੇਗਾ। ਉਨ੍ਹਾਂ ਕੌਮੀ ਐੱਸ.ਸੀ. ਕਮਿਸ਼ਨਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਦੀ ਜ਼ਮੀਨ ਖੋਹਣ ਤੋਂ ਰੋਕਿਆ ਜਾਵੇ।