ਲੰਬੀ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਣਕ ਦੀ ਬਿਜਾਈ ਲਈ ਡੀਏਪੀ ਖਾਦ ਦੀ ਕਿੱਲਤ ਕਾਰਨ ਦਰ-ਦਰ ਭਟਕਦੇ ਫਿਰਦੇ ਕਿਸਾਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਗਾਊਂ ਪ੍ਰਬੰਧ ਨਾ ਕੀਤੇ ਜਾਣ ਕਰਕੇ ਸੂਬੇ ਵਿੱਚ ਡੀਏਪੀ ਦਾ ਸੰਕਟ ਪੈਦਾ ਹੋਇਆ ਹੈ। ਸ੍ਰੀ ਬਾਦਲ ਨੇ ਕਿਹਾ ਕਿ ਹਜ਼ਾਰਾਂ ਕਿਸਾਨ ਖਾਦ ਦੀਆਂ ਦੁਕਾਨਾਂ ਅਤੇ ਸਰਕਾਰੀ ਖਾਦ ਵੰਡ ਕੇਂਦਰਾਂ ਮੂਹਰੇ ਖਾਦ ਲਈ ਰਾਤਾਂ ਕੱਟਣ ਅਤੇ ਕਤਾਰਾਂ ਵਿੱਚ ਖੜ੍ਹਨ ਲਈ ਮਜਬੂਰ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਣਕ ਬੀਜਣ ਵਿੱਚ ਦੇਰੀ ਨਾਲ ਨਮੀ ਦੀ ਘਾਟ ਆਵੇਗੀ ਜਿਸ ਨਾਲ ਸੂਬੇ ’ਚ ਕਣਕ ਦੀ ਉਪਜ ਘਟੇਗੀ ਅਤੇ ਕਿਸਾਨੀ ਨੂੰ ਹੋਰ ਢਾਹ ਲੱਗੇਗੀ। -ਪੱਤਰ ਪ੍ਰੇਰਕ