ਖੇਤਰੀ ਪ੍ਰਤੀਨਿਧ
ਬਨੂੜ, 25 ਨਵੰਬਰ
ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰਾਸੈਸਿੰਗ ਵਿਭਾਗਾਂ ਦੇ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਫ਼ਸਲਾਂ ’ਤੇ ਕੀਟਾਂ ਦੇ ਹਮਲੇ ਰੋਕਣ ਲਈ ਡਰੋਨਾਂ ਰਾਹੀਂ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ ਸੈਟੇਲਾਈਟ ਇਮੇਜ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰੇਗੀ। ਉਹ ਅੱਜ ਯੁਵਾ ਭਾਗੀਦਾਰੀ ਫਾਊਂਡੇਸ਼ਨ ਵੱਲੋਂ ਚਿਤਕਾਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਗਏ ਵਿਦਿਆਰਥੀਆਂ ਦੇ ਰੂਬਰੂ ਪ੍ਰੋਗਰਾਮ ਸਮੇਂ ਸੰਬੋਧਨ ਕਰ ਰਹੇ ਸਨ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਖੇਤੀ ਉੱਤੇ ਇੱਕ ਪੰਜਾਬ ਦਾ ਵਿਜ਼ਨ ਡਾਕੂਮੈਂਟ ਤਿਆਰ ਕੀਤਾ ਜਾ ਰਿਹਾ ਹੈ, ਇਸ ਤਹਿਤ ਸੂਬੇ ਨੂੰ ਚਾਰ ਜ਼ੋਨਾਂ ਵਿਚ ਵੰਡ ਕੇ ਖਿੱਤੇ ਮੁਤਾਬਕ ਆਧੁਨਿਕ ਤੇ ਵਿਭਿੰਨਤਾ ਆਧਾਰਤ ਖੇਤੀ ਕੀਤੀ ਜਾਵੇਗੀ।