ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ (ਮੁਹਾਲੀ), 12 ਮਈ
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਖਿਆ ਕਿ ਪੰਜਾਬ ਸਰਕਾਰ ਨਾਜਾਇਜ਼ ਕਬਜ਼ਿਆਂ ਹੇਠਲੀਆਂ ਪੰਚਾਇਤੀ ਜ਼ਮੀਨਾਂ ਸਬੰਧੀ ਸੂਚਨਾ ਇਕੱਤਰ ਕਰਨ ਲਈ ਇੱਕ ਵੱਟਸਐਪ ਨੰਬਰ ਜਾਰੀ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਨੰਬਰ ਭਲਕੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਰੀ ਕਰਨਗੇ ਅਤੇ ਦੇਸ਼-ਵਿਦੇਸ਼ ਵਿੱਚ ਬੈਠਿਆਂ ਕੋਈ ਵੀ ਵਿਅਕਤੀ ਆਪਣੇ ਪਿੰਡ ਜਾਂ ਆਲੇ-ਦੁਆਲੇ ਪੰਚਾਇਤੀ ਜ਼ਮੀਨਾਂ ਉੱਤੇ ਹੋਏ ਕਬਜ਼ਿਆਂ ਬਾਰੇ ਜਾਣਕਾਰੀ ਦੇ ਸਕੇਗਾ। ਪੰਚਾਇਤ ਮੰਤਰੀ ਅੱਜ ਮੁਹਾਲੀ ਸਥਿਤ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਵਿੱਢੀ ਮੁਹਿੰਮ ਨੂੰ ਸੂਬੇ ਭਰ ਵਿੱਚ ਵੱਡਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 12 ਦਿਨਾਂ ਵਿੱਚ 302 ਕਰੋੜ ਰੁਪਏ ਦੀ ਬਾਜ਼ਾਰੀ ਕੀਮਤ ਵਾਲੀ 1008 ਏਕੜ ਦੇ ਕਰੀਬ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਛਲੇੜੀ ਕਲਾਂ ਵਿੱਚ 1904 ਤੋਂ ਕਾਬਜ਼ਕਾਰ ਚੱਲੇ ਆ ਰਹੇ ਸਮੁੱਚੇ ਪਿੰਡ ਨੇ 417 ਏਕੜ ਜ਼ਮੀਨ ਦਾ ਕਬਜ਼ਾ ਛੱਡ ਦਿੱਤਾ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਵੱਡੇ ਆਲੂ ਕਾਸ਼ਤਕਾਰ ਵੱਲੋਂ 35 ਏਕੜ ਜ਼ਮੀਨ ਦਾ ਕਬਜ਼ਾ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਪਿੰਡ ਛਲੇੜੀ ਕਲਾਂ ਵਿੱਚ ਜਾ ਕੇ ਆਏ ਹਨ ਤੇ ਪਿੰਡ ਵਾਸੀਆਂ ਨੂੰ ਇਹ ਜ਼ਮੀਨ ਲੀਜ਼ ਉੱਤੇ ਮੁਹੱਈਆ ਕਰਵਾਈ ਜਾਵੇਗੀ ਤੇ ਪਿੰਡ ਵਿੱਚ ਹਸਪਤਾਲ ਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਵੈ-ਇੱਛਾ ਨਾਲ ਕਬਜ਼ੇ ਛੱਡਣ ਵਾਲਿਆਂ ਨੂੰ ਵੀ ਲੋੜ ਅਨੁਸਾਰ ਪੰਚਾਇਤੀ ਜ਼ਮੀਨਾਂ ਲੀਜ਼ ਉੱਤੇ ਦਿੱਤੀਆਂ ਜਾਣਗੀਆਂ।
ਹੰਸ ਰਾਜ ਹੰਸ ਬਾਰੇ ਵੱਟਿਆ ਪਾਸਾ
ਪੰਚਾਇਤ ਮੰਤਰੀ ਨੇ ਹੰਸ ਰਾਜ ਹੰਸ ਦੇ ਪਰਿਵਾਰ ਵੱਲੋਂ ਆਪਣੇ ਜੱਦੀ ਪਿੰਡ ਦੀ ਜ਼ਮੀਨ ਨੂੰ ਲੰਮੇ ਅਰਸੇ ਲਈ ਲੀਜ਼ ਉੱਤੇ ਲੈ ਕੇ ਕਬਜ਼ਾ ਕਰਨ ਸਬੰਧੀ ਪੁੱਛੇ ਪ੍ਰਸ਼ਨ ਨੂੰ ਟਾਲ ਦਿੱਤਾ। ਉਨ੍ਹਾਂ ਕਿਹਾ ਕਿ ਮੁਕੰਮਲ ਰਿਕਾਰਡ ਹਾਸਲ ਹੋਣ ਮਗਰੋਂ ਹੀ ਪੰਚਾਇਤੀ ਜ਼ਮੀਨਾਂ ਦੇ ਸਮੁੱਚੇ ਕਾਬਜ਼ਕਾਰਾਂ ਦੇ ਨਾਂ ਜਨਤਕ ਕੀਤੇ ਜਾਣਗੇ। ਉਨ੍ਹਾਂ ਸਰਪੰਚਾਂ ਦਾ ਪੰਜ ਸਾਲਾਂ ਤੋਂ ਬੰਦ ਪਿਆ ਮਾਣ ਭੱਤਾ ਬਹਾਲ ਕਰਨ ਦੀ ਵੀ ਗੱਲ ਆਖੀ ਅਤੇ ਪੰਚਾਇਤੀ ਜ਼ਮੀਨਾਂ ਦੀ ਲੀਜ਼ ਨੀਤੀ ਸਬੰਧੀ ਵੀ ਚਰਚਾ ਕਰਨ ਬਾਰੇ ਆਖਿਆ।