ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਸਤੰਬਰ
ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੰਗਰੂਰ ਨੇੜਲੀ ਸੋਹੀਆਂ ਬੀੜ ਨੂੰ ‘ਈਕੋ ਟੂਰਿਜ਼ਮ’ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਬੀੜ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਛੇਤੀ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਚਰਚਾ ਕਰਨਗੇ ਅਤੇ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਇਸ ਬੀੜ ਦੀ ਦਿੱਖ ਨੂੰ ਸੰਵਾਰਨ ਦੀ ਪ੍ਰਵਾਨਗੀ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸੋਹੀਆਂ ਬੀੜ ਨੂੰ ‘ਈਕੋ ਟੂਰਿਜ਼ਮ’ ਵਜੋਂ ਵਿਕਸਤ ਕਰਨ ਲਈ ਮੁੱਢਲੇ ਤੌਰ ’ਤੇ ਖ਼ਾਕਾ ਤਿਆਰ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਉਹ ਅੱਜ ਜੰਗਲੀ ਜੀਵ ਵਿਭਾਗ ਦੇ ਚੀਫ਼ ਵਾਰਡਨ ਪ੍ਰਵੀਨ ਕੁਮਾਰ, ਮੁੱਖ ਵਣਪਾਲ ਗੀਤਾਂਜਲੀ, ਜੰਗਲੀ ਜੀਵ ਸੰਸਥਾ ਦੇਹਰਾਦੂਨ ਦੇ ਮਾਹਿਰਾਂ ਡਾ. ਹਬੀਬ ਬਿਲਾਲ ਤੇ ਡਾ. ਸਮਰਾਟ ਅਤੇ ਡਿਵੀਜ਼ਨਲ ਵਣ ਮੰਡਲ ਅਫ਼ਸਰ ਮੋਨਿਕਾ ਦੇਵੀ ਯਾਦਵ ਨਾਲ ਸੋਹੀਆਂ ਬੀੜ ਵਿੱਚ ਮੀਟਿੰਗ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਰਾਜ ਜਾਨਵਰ ਕਾਲੇ ਹਿਰਨ ਦੀ ਅਲੋਪ ਹੋ ਰਹੀ ਪ੍ਰਜਾਤੀ ਨੂੰ ਬਚਾਉਣ ਦੇ ਉਦਮ ਵਜੋਂ ਸੋਹੀਆਂ ਬੀੜ ਵਿੱਚ ਕਾਲੇ ਹਿਰਨ ਲਿਆਂਦੇ ਜਾਣਗੇ। ਜੰਗਲੀ ਜੀਵ ਅਤੇ ਵਣ ਮਾਹਿਰਾਂ ਦੀ ਰਾਏ ਅਨੁਸਾਰ ਇਸ ਬੀੜ ਵਿੱਚ ਅਜਿਹੇ ਰੁੱਖ ਲਗਾਏ ਜਾਣਗੇ, ਜੋ ਕਿ ਜੀਵ ਜੰਤੂਆਂ ਦਾ ਬਸੇਰਾ ਬਣਨਗੇ ਅਤੇ ਇਸ ਸਥਾਨ ਦੀ ਖੂਬਸੂਰਤੀ ’ਚ ਹੋਰ ਵਾਧਾ ਕਰਨਗੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਪਗ ਢਾਈ ਮਹੀਨੇ ਪਹਿਲਾਂ ਉਨ੍ਹਾਂ ਨੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਨਾਲ ਇਸ ਬੀੜ ਦਾ ਦੌਰਾ ਕੀਤਾ ਸੀ। ਦੌਰੇ ਤੋਂ ਬਾਅਦ ਉਹ ਲਗਾਤਾਰ ਇਸ ਬੀੜ ਦੀ ਕਾਇਆਕਲਪ ਕਰਨ ਲਈ ਜੰਗਲੀ ਜੀਵ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ।
ਅਮਨ ਅਰੋੜਾ ਵੱਲੋਂ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ
ਐੱਸ.ਏ.ਐੱਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਪੰਜਾਬ ਸਰਕਾਰ ਆਈਟੀ ਸਿਟੀ ਮੁਹਾਲੀ ਸਮੇਤ ਹੋਰ ਨੇੜਲੇ ਇਲਾਕਿਆਂ ਤੇ ਨਿਊ ਚੰਡੀਗੜ੍ਹ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰ ਕੇ ਨਮੂਨੇ ਦੇ ਸ਼ਹਿਰ ਵਜੋਂ ਵਿਕਸਤ ਕਰਨ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਨੂੰ ਤਰਜੀਹ ਦੇ ਰਹੀ ਹੈ। ਇਸ ਸਬੰਧੀ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਗਮਾਡਾ ਵੱਲੋਂ ਲਾਗੂ ਕੀਤੇ ਜਾ ਰਹੇ ਵੱਖ-ਵੱਖ ਪ੍ਰਾਜੈਕਟਾਂ ਅਤੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ। ਉਨ੍ਹਾਂ ਗਮਾਡਾ ਤੇ ਪੁੱਡਾ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ ਕਿ ਸਾਰੇ ਵਿਕਾਸ ਕਾਰਜ ਨਿਰਧਾਰਤ ਸਮਾਂ-ਸੀਮਾ ਅੰਦਰ ਮੁਕੰਮਲ ਕੀਤੇ ਜਾਣ। । ਸ੍ਰੀ ਅਰੋੜਾ ਨੇ ਮੁਹਾਲੀ ਦੇ ਐਰੋਸਿਟੀ, ਆਈਟੀ ਸਿਟੀ, ਸੈਕਟਰ-88 ਅਤੇ ਸੈਕਟਰ-89, ਸੈਕਟਰ-78 ਵਿੱਚ ਖੇਡ ਕੰਪਲੈਕਸ, ਪੂਰਬ ਪ੍ਰੀਮੀਅਮ ਅਪਾਰਟਮੈਂਟਸ, ਈਕੋ ਸਿਟੀ-1 ਅਤੇ ਈਕੋ ਸਿਟੀ-2, ਮੈਡੀਸਿਟੀ, ਪਿੰਡ ਸਿੰਹਪੁਰ ਵਿੱਚ ਕਜੌਲੀ ਤੋਂ ਸਿੱਧੇ ਨਹਿਰੀ ਪਾਣੀ ਦੀ ਸਪਲਾਈ ਲਈ 20 ਐੱਮਜੀਡੀ ਵਾਟਰ ਟਰੀਟਮੈਂਟ ਪਲਾਂਟ, ਸੈਕਟਰ-83 ਵਿੱਚ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਦਾ ਦੌਰਾ ਕਰਨ ਸਮੇਤ ਮੁਹਾਲੀ ਵਿੱਚ ਚੱਲ ਰਹੇ ਹੋਰ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਨਿਊ ਚੰਡੀਗੜ੍ਹ ਤੱਕ ਪੀਆਰ-7 ਸੜਕ ਦੇ ਨਿਰਮਾਣ ਅਤੇ ਹੋਰ ਮਾਸਟਰ ਪਲਾਨ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਖ਼ਰੀਦਦਾਰਾਂ ਨੂੰ ਜਾਇਦਾਦਾਂ ਦਾ ਸਮੇਂ ਸਿਰ ਕਬਜ਼ਾ ਦੇਣ ਨੂੰ ਤਰਜੀਹ ਦਿੱਤੀ ਜਾਵੇ।