ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਅਕਤੂਬਰ
ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਮੀਂਹ ਅਤੇ ਗੜੇਮਾਰੀ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇੱਥੇ ਇਕ ਸਮਾਗਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ ਕਿ ਮਾਝੇ ਦੇ ਜ਼ਿਲ੍ਹਿਆਂ ਤਰਨ ਤਾਰਨ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਸਰਹੱਦ ਨਾਲ ਲੱਗਦੇ ਹੋਰ ਕਈ ਜ਼ਿਲ੍ਹਿਆਂ ਵਿੱਚ ਬੀਤੇ ਦਿਨ ਗੜੇ ਪੈਣ ਕਾਰਨ ਫਸਲਾਂ ’ਤੇ ਚਿੱਟੀ ਚਾਦਰ ਵਿਛ ਗਈ ਅਤੇ ਮੀਂਹ ਪੈਣ ਨਾਲ ਖੇਤਾਂ ਵਿੱਚ ਪਾਣੀ ਭਰ ਗਿਆ। ਕਈ ਥਾਵਾਂ ’ਤੇ ਫਸਲਾਂ ਡਿੱਗ ਪਈਆਂ ਹਨ। ਉਨ੍ਹਾਂ ਕਿਹਾ ਹੈ ਕਿ ਬੀਤੇ ਦਿਨ ਅਤੇ ਅੱਜ ਪਏ ਬੇਮੌਸਮੇ ਮੀਂਹ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਸਰਕਾਰ ਉਸ ਦਾ ਯੋਗ ਮੁਆਵਜ਼ਾ ਦੇਵੇਗੀ।
ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਹੋਈ ਭਾਰੀ ਗੜੇਮਾਰੀ ਕਾਰਨ ਸਰਹੱਦੀ ਜ਼ਿਲ੍ਹੇ ਦੇ ਅਜਨਾਲਾ, ਅਟਾਰੀ, ਚੋਗਾਵਾਂ, ਜੰਡਿਆਲਾ, ਮਜੀਠਾ ਆਦਿ ਬਲਾਕਾਂ ਸਣੇ ਹੋਰ ਇਲਾਕਿਆਂ ਵਿੱਚ ਝੋਨਾ, ਬਾਸਮਤੀ ਤੇ ਸਬਜ਼ੀਆਂ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨ ਅਮੋਲਕ ਸਿੰਘ ਨੇ ਦੱਸਿਆ ਕਿ ਖੇਤਾਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਉਸ ਦੀ ਲਗਪਗ 12 ਏਕੜ ਰਕਬੇ ਵਿੱਚ ਬੀਜੀ ਆਲੂ ਦੀ ਫ਼ਸਲ ਨੁਕਸਾਨੀ ਗਈ ਹੈ। ਉਸ ਨੇ ਦੱਸਿਆ ਕਿ ਅੱਜ ਸਾਰਾ ਦਿਨ ਲਾ ਕੇ ਉਨ੍ਹਾਂ ਨੇ ਖੇਤਾਂ ’ਚੋਂ ਪਾਣੀ ਬਾਹਰ ਕੱਢਿਆ ਹੈ ਪਰ ਅਜੇ ਵੀ ਪਤਾ ਨਹੀਂ ਕਿ ਫ਼ਸਲ ਬਚੇਗੀ ਜਾਂ ਨਹੀਂ। ਉਸ ਨੇ ਦੱਸਿਆ ਕਿ ਜੰਡਿਆਲਾ, ਟਾਂਗਰਾ, ਰਈਆ ਨੇੜਲੇ ਇਲਾਕੇ ਵਿੱਚ ਵਧੇਰੇ ਸਬਜ਼ੀ ਬੀਜੀ ਜਾਂਦੀ ਹੈ ਅਤੇ ਮੀਂਹ ਨੇ ਇਸ ਦਾ ਵੀ ਕਾਫ਼ੀ ਨੁਕਸਾਨ ਕੀਤਾ ਹੈ।
35 ਤੋਂ 40 ਫ਼ੀਸਦ ਫ਼ਸਲਾਂ ਨੁਕਸਾਨੀਆਂ
ਜਮਹੂਰੀ ਕਿਸਾਨ ਸਭਾ ਦੇ ਆਗੂ ਰਤਨ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਅਜਨਾਲਾ, ਅਟਾਰੀ, ਚੋਗਾਵਾਂ, ਤਰਸਿੱਕਾ ਆਦਿ ਬਲਾਕਾਂ ਵਿੱਚ ਫ਼ਸਲਾਂ ਦਾ 35 ਤੋਂ 40 ਫ਼ੀਸਦ ਤਕ ਨੁਕਸਾਨ ਹੋਇਆ ਹੈ। ਮੀਂਹ ਕਾਰਨ ਨਮੀ ਵਧ ਜਾਣ ਕਾਰਨ ਕਿਸਾਨਾਂ ਨੂੰ ਫ਼ਸਲਾਂ ਦਾ ਘੱਟ ਭਾਅ ਮਿਲੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਗਿਰਦਾਵਰੀ ਕਰਵਾਏ ਨੁਕਸਾਨੀਆਂ ਫ਼ਸਲਾਂ ਦਾ ਘੱਟੋ-ਘੱਟ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਬਚਨ ਸਿੰਘ ਚੱਬਾ ਨੇ ਵੀ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਮੰਗਿਆ ਹੈ।