ਚੰਡੀਗੜ੍ਹ, 2 ਜਨਵਰੀ
ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੂੰ ਪ੍ਰਦਰਸ਼ਨ ਦੌਰਾਨ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਵਾਪਸ ਲੈਣ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਇਮਾਨਦਾਰੀ ਨਾਲ ਕੰਮ ਕਰਨਾ ਹੋਵੇਗਾ। ਸ੍ਰੀ ਮਲਿਕ ਫੋਗਾਟ ਖਾਪ ਵੱਲੋਂ ਹਰਿਆਣਾ ਦੇ ਚਰਖੀ ਦਾਦਰੀ ਵਿੱਚ ਉਨ੍ਹਾਂ ਦੇ ਸਨਮਾਨ ਲਈ ਕਰਵਾਏ ਪ੍ਰੋਗਰਾਮ ਤੋਂ ਵੱਖਰੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮੇਘਾਲਿਆ ਦੇ ਰਾਜਪਾਲ ਨੇ ਕਿਹਾ ਕਿ ਕਿਸਾਨਾਂ ਨੇ ਅੰਦੋਲਨ ਸਿਰਫ਼ ਮੁਲਤਵੀ ਕੀਤਾ ਹੈ, ਜੇ ਇਨਸਾਫ਼ ਨਾ ਹੋਇਆ ਤਾਂ ਉਹ ਮੁੜ ਉੱਠ ਖੜ੍ਹੇ ਹੋਣਗੇ। ਉਨ੍ਹਾਂ ਕਿਹਾ, ‘‘ਸਰਕਾਰ ਨੂੰ ਕਿਸਾਨਾਂ ਖ਼ਿਲਾਫ਼ ਕੇਸ ਵਾਪਸ ਲੈਣ ਅਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣ ’ਤੇ ਇਮਾਨਦਾਰੀ ਨਾਲ ਕੰਮ ਕਰਨਾ ਹੋਵੇਗਾ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਪਰ ਜੇ ਸਰਕਾਰ ਨੂੰ ਲਗਦਾ ਹੈ ਕਿ ਅੰਦੋਲਨ ਖ਼ਤਮ ਹੋ ਗਿਆ ਤਾਂ ਅਜਿਹਾ ਨਹੀਂ ਹੈ। ਇਹ ਸਿਰਫ਼ ਮੁਲਤਵੀ ਹੋਇਆ ਹੈ। ਜੇ ਕੋਈ ਅਨਿਆਂ ਹੋਇਆ ਜਾਂ ਕਿਸਾਨਾਂ ਨਾਲ ਕੋਈ ਵਧੀਕੀ ਹੋਈ ਤਾਂ ਅੰਦੋਲਨ ਮੁੜ ਸ਼ੁਰੂ ਹੋ ਜਾਵੇਗਾ।’’ -ਪੀਟੀਆਈ