ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਸਣੇ ਬਾਕੀ ਸਾਰੇ ਕਾਂਗਰਸੀ ਆਪਣੀ ਲੜਾਈ ਨੂੰ ਛੱਡ ਕੇ ਜੇਕਰ ਪੰਜਾਬ ਨੂੰ ਸਹੀ ਢੰਗ ਨਾਲ ਸੰਭਾਲਣ ਤਾਂ ਸੂਬੇ ਵਿੱਚ ਸ਼ਾਂਤੀ ਰਹਿ ਸਕਦੀ ਹੈ, ਪਰ ਪੰਜਾਬ ਕਾਂਗਰਸ ਦੀ ਆਪਸੀ ਫੁੱਟ ਕਾਰਨ ਇਸ ਵੇਲੇ ਮਾਹੌਲ ਵਿਗੜ ਰਿਹਾ ਹੈ ਤੇ ਕਾਨੂੰਨ ਵਿਵਸਥਾ ਵੀ ਕਾਇਮ ਨਹੀਂ ਹੈ। ਇਹ ਵਿਚਾਰ ਪੰਜਾਬ ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਨੇ ਅੱਜ ਸਾਂਝੇ ਕੀਤੇ। ਉਹ ਅੱਜ ਇਥੇ ਸੀਐੱਮਸੀ ਹਸਪਤਾਲ ਤੇ ਸਿਵਲ ਹਸਪਤਾਲ ’ਚ ਦਾਖਲ ਬੰਬ ਧਮਾਕੇ ’ਚ ਜ਼ਖ਼ਮੀਆਂ ਦਾ ਹਾਲ ਜਾਣਨ ਲਈ ਪਹੁੰਚੇ ਸਨ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਵਾਰ ਵੀ ਚੋਣਾਂ ਨੇੜੇ ਧਮਾਕਾ ਹੋਇਆ ਸੀ, ਜਿਸ ਦੀ ਜਾਂਚ ਹਾਲੇ ਤੱਕ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਸਟਰ ਮਾਂਈਂਡ ਨੂੰ ਲੱਭਣਾ ਜਾਂ ਸੂਬੇ ਨਾਲ ਜੁੜੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਸੂਬਾ ਸਰਕਾਰ ਕੋਲ ਸਮਾਂ ਹੀ ਨਹੀਂ ਹੈ ਕਿਉਂਕਿ ਕਾਂਗਰਸੀ ਮੰਤਰੀ ਤੇ ਆਗੂ ਆਪਸੀ ਲੜਾਈ ਵਿੱਚ ਹੀ ਉਲਝੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਹੋਏ ਹਾਦਸਿਆਂ ਦੀ ਸਹੀ ਢੰਗ ਨਾਲ ਜਾਂਚ ਕਰਕੇ ਕਾਰਵਾਈ ਕੀਤੀ ਹੁੰਦੀ ਤਾਂ ਇਹ ਵਾਰਦਾਤਾਂ ਦੁਬਾਰਾ ਨਾਲ ਵਾਪਰਦੀਆਂ।