ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨੀ ਨੂੰ ਕਰਜ਼ਾ ਮੁਕਤ ਕਰਨ ਲਈ ‘ਟ੍ਰਿਪਲ ਸ਼ੇਅਰ ਪਾਲਿਸੀ’ ਅਪਣਾਵੇ। ਇਸ ਪਾਲਿਸੀ ਤਹਿਤ ਕਰਜ਼ੇ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਇਕ ਹਿੱਸਾ ਸਰਕਾਰ ਦੇਵੇ, ਦੂਜਾ ਹਿੱਸਾ ਸੰਸਥਾਵਾਂ ਦੇਣ ਤੇ ਤੀਜਾ ਹਿੱਸਾ ਖੁਦ ਕਿਸਾਨ ਦੇਵੇ। ਚੰਦੂਮਾਜਰਾ ਨੇ ਕਿਹਾ ਕਿ ਹੁਣ ਨਾਬਾਰਡ ਵੱਲੋਂ ਇਹ ਕਹਿ ਕੇ ਪੈਸਾ ਸਹਿਕਾਰੀ ਬੈਂਕਾਂ ਨੂੰ ਨਹੀਂ ਦਿੱਤਾ ਜਾ ਰਿਹਾ ਕਿ ਸਰਕਾਰੀ ਬੈਂਕ ਕਰਜ਼ੇ ਵਿੱਚ ਡੁੱਬੇ ਹੋਏ ਹਨ ਜਦਕਿ ਸੱਚਾਈ ਇਹ ਹੈ ਕਿ ਪੰਜਾਬ ਦੇ ਬੈਂਕਾਂ ਸਿਰ 1350 ਕਰੋੜ ਦਾ ਨਾਬਾਰਡ ਦਾ ਕਰਜ਼ਾ ਹੈ ਅਤੇ ਬੈਂਕਾਂ ਨੇ 3200 ਕਰੋੜ ਕਰਜ਼ੇ ਦੇ ਰੂਪ ਵਿੱਚ ਕਿਸਾਨਾਂ ਨੂੰ ਵੰਡਿਆ ਹੋਇਆ ਹੈ ਤੇ 30 ਹਜ਼ਾਰ ਕਰੋੜ ਦੀਆਂ ਬੈਂਕਾਂ ਕੋਲ ਪ੍ਰਾਪਰਟੀਆਂ ਹਨ। ਅਜਿਹੇ ਵਿਚ ਸਹਿਕਾਰੀ ਬੈਂਕਾਂ ਨੂੰ ਕਰਜ਼ੇ ਵਿਚ ਡੁੱਬਿਆ ਕਿਵੇਂ ਕਿਹਾ ਜਾ ਸਕਦਾ ਹੈ।