ਭਾਰਤ ਭੂਸ਼ਨ ਆਜ਼ਾਦ/ਸ਼ਗਨ ਕਟਾਰੀਆ
ਕੋਟਕਪੂਰਾ/ਜੈਤੋ, 6 ਅਪਰੈਲ
ਬਹਬਿਲ ਗੋਲੀ ਕਾਂਡ ਵਿੱਚ ਪੀੜਤਾਂ ਨੂੰ ਇਨਸਾਫ਼ ਨਾ ਮਿਲਣ ਅਤੇ ਇਸ ਕਾਂਡ ਵਿੱਚ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਸੱਤ ਸਾਲ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਨੇ ਸ਼ਾਹਰਾਹ ਨੰਬਰ-54 (ਬਠਿੰਡਾ-ਅੰਮ੍ਰਿਤਸਰ) ਨੂੰ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ।
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਨਸਾਫ਼ ਮੋਰਚੇ ’ਚ ਸ਼ਾਮਲ ਹੋਏ। ਸ੍ਰੀ ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਬਿਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਸਬੰਧੀ ਕੇਸ ਦੀ ਸੁਣਵਾਈ ਫਾਸਟ ਟਰੈਕ ਕੋਰਟ ਵਿੱਚ ਕਰਵਾਈ ਜਾਵੇ ਤਾਂ ਜੋ ਪੀੜਤ ਪਰਿਵਾਰਾਂ ਨੂੰ ਜਲਦੀ ਇਨਸਾਫ ਮਿਲੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਮਿਲਣ। ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਉਨ੍ਹਾਂ ਦੀ ਮੰਗ ਨੂੰ ਮੰਨ ਕੇ ਇਨਸਾਫ ਦਿਵਾਉਂਦੇ ਹਨ ਤਾਂ ਉਹ ਵੀ ਮਾਨ ਨਾਲ ਖੜ੍ਹਨਗੇ, ਨਹੀਂ ਤਾਂ ਮਾਨ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਇੱਕ ਬਿਆਨ ਦਾ ਹਵਾਲਾ ਦਿੰਦਿਆਂ ਸ੍ਰੀ ਸਿੱਧੂ ਨੇ ਆਖਿਆ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਸੀ ਕਿ ਇਨ੍ਹਾਂ ਸੰਜੀਦਾ ਮਸਲਿਆਂ ਦੀਆਂ ਪੜਤਾਲਾਂ ਹੋ ਚੁੱਕੀਆਂ ਹਨ। ਉਨ੍ਹਾਂ ਨੂੰ ਪਤਾ ਹੈ ਕਿ ਇਸ ਮਾਮਲੇ ਵਿੱਚ ਦੋਸ਼ੀ ਕੌਣ ਹਨ, ਸਰਕਾਰ ਆਉਣ ’ਤੇ 24 ਘੰਟਿਆਂ ਦੇ ਅੰਦਰ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੈ, ਇਸ ਲਈ ਹੁਣ ਪੰਜਾਬ ਸਰਕਾਰ ਇਨ੍ਹਾਂ ਸੰਜੀਦਾ ਮਾਮਲਿਆਂ ਦੀ ਸੁਣਵਾਈ ਕਰਵਾ ਕੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿਵਾਏ।
ਫ਼ਰੀਦਕੋਟ ਤੋਂ ‘ਆਪ’ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਭਰੋਸਾ ਦਿਵਾਇਆ ਕਿ ਛੇਤੀ ਹੀ ਸਰਕਾਰ ਇਸ ਮਾਮਲੇ ਵਿੱਚ ਕਾਰਵਾਈ ਕਰੇਗੀ। ਉਨ੍ਹਾਂ ਵੱਲੋਂ ਇਸ ਸਬੰਧੀ ਉੱਚ ਪੁਲੀਸ ਅਧਿਕਾਰੀਆਂ ਨਾਲ ਸੰਪਰਕ ਕਾਇਮ ਕੀਤਾ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਪੀੜਤ ਪਰਿਵਾਰ ਦੇ ਮੈਂਬਰ ਸੁਖਰਾਜ ਸਿੰਘ ਅਤੇ ਸਾਧੂ ਸਿੰਘ ਨੇ ਕਿਹਾ ਕਿ ਸੱਤ ਸਾਲ ਬੀਤਣ ਮਗਰੋਂ ਵੀ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਪੰਥਕ ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਬੇਅਦਬੀ ਅਤੇ ਬਹਬਿਲ ਕਾਂਡ ਦੇ ਮੁੱਦੇ ’ਤੇ ਹੁਣ ਤੱਕ ਸਿਰਫ਼ ਸਿਆਸਤ ਕੀਤੀ ਹੈ, ਪਰ ਇਨਸਾਫ਼ ਦਿਵਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ।
ਆਗੂਆਂ ਨੇ ਕਿਹਾ ਕਿ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ਉਦੋਂ ਤੱਕ ਜਾਮ ਰਹੇਗਾ, ਜਦੋਂ ਤੱਕ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਦਾ। ਪੰਜਾਬ ਭਰ ਤੋਂ ਅੱਜ ਦੋ ਦਰਜਨ ਤੋਂ ਵੱਧ ਸਿੱਖ ਜਥੇਬੰਦੀਆਂ ਦੇ ਆਗੂ ਇਸ ਧਰਨੇ ਵਿੱਚ ਸ਼ਾਮਲ ਹੋਏ। ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਜਗਦੇਵ ਸਿੰਘ ਕਮਾਲੂ, ਹਰਵਿੰਦਰ ਸਿੰਘ ਲਾਡੀ, ਜੰਡਿਆਲਾ ਦੇ ਵਿਧਾਇਕ ਸੁਖਵਿੰਦਰ ਸਿੰਘ ਤੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਧਰਨੇ ’ਚ ਪਹੁੰਚੇ।
‘ਆਪ’ ਸਰਕਾਰ ਦੇ ਰਾਜ ਵਿੱਚ ਲੋਕਾਂ ਦੀ ਜਾਨ ਮਹਿਫੂਜ਼ ਨਹੀਂ: ਸਿੱਧੂ
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅੱਜ ਹਲਕਾ ਜ਼ੀਰਾ ਦੇ ਪਿੰਡ ਕੱਸੋਆਣਾ ਅਤੇ ਮਨਸੂਰਵਾਲ ਕਲਾਂ ਵਿਚ ਵੱਖ-ਵੱਖ ਮਾਮਲਿਆਂ ’ਚ ਹੋਈਆਂ ਝੜਪਾਂ ਦੌਰਾਨ ਮਾਰੇ ਗਏ ਕਾਂਗਰਸੀ ਵਰਕਰਾਂ ਦੀ ਅੰਤਿਮ ਅਰਦਾਸ ਵਿੱਚ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਇਸ ਸਮੇਂ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਸਨ। ਇਸ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ਵਿੱਚ ਲੋਕਾਂ ਦੀ ਜਾਨ ਮਹਿਫੂਜ਼ ਨਹੀਂ ਹੈ। ਜ਼ਿਕਰਯੋਗ ਹੈ ਕਿ ਜ਼ੀਰਾ ਦੇ ਪਿੰਡ ਕੱਸੋਆਣਾ ਵਿਚ ਪਿਛਲੇ ਦਿਨੀਂ ਪੁਰਾਣੀ ਰੰਜਿਸ਼ ਤਹਿਤ ਹੋਈ ਕੁੱਟਮਾਰ ਦੌਰਾਨ ਇਲਾਜ ਅਧੀਨ ਇਕਬਾਲ ਸਿੰਘ (50) ਪੁੱਤਰ ਵਜੀਰ ਸਿੰਘ ਵਾਸੀ ਪਿੰਡ ਕੱਸੋਆਣਾ ਦੀ ਮੌਤ ਹੋ ਗਈ ਸੀ। ਉਸ ਦੇ ਸਸਕਾਰ ਮੌਕੇ ਵੀ ਨਵਜੋਤ ਸਿੰਘ ਸਿੱਧੂ ਪਿੰਡ ਕੱਸੋਆਣਾ ਵਿੱਚ ਪਹੁੰਚੇ ਸਨ। ਦੂਜੇ ਪਾਸੇ, ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿੱਚ ਦੋ ਧਿਰਾਂ ਵਿਚਾਲੇ ਹੋਈ ਝੜਪ ਕਾਰਨ ਇੱਕ ਕਾਂਗਰਸੀ ਵਰਕਰ ਜਸਬੀਰ ਸਿੰਘ (50) ਦੀ ਮੌਤ ਹੋ ਗਈ ਸੀ। ਨਵਜੋਤ ਸਿੰਘ ਸਿੱਧੂ ਨੇ ਵੱਖ-ਵੱਖ ਭੋਗ ਸਮਾਗਮਾਂ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਕਾਂਗਰਸੀ ਵਰਕਰਾਂ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ਵਿੱਚ ਲੋਕਾਂ ਦੀ ਜਾਨ ਮਹਿਫੂਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬੱਚੇ ਪੰਜਾਬ ਨੂੰ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਸਨ ਤੇ ਹੁਣ ਵੱਡੇ ਵੀ ਗੁੰਡਾਗਰਦੀ ਦੇਖ ਕੇ ਬਾਹਰਲੇ ਮੁਲਕਾਂ ਨੂੰ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ੀਰਾ ਹਲਕੇ ਦੇ ਦੋ ਕਾਂਗਰਸੀ ਵਰਕਰਾਂ ਨੂੰ ਜਾਨੋਂ ਮਾਰਨ ਦੀ ਘਟਨਾ ਮੰਦਭਾਗੀ ਹੈ।