ਰਾਜਪਾਲ ਵੱਲੋਂ ਸਰਹੱਦੀ ਜ਼ਿਲ੍ਹਿਆਂ ਦਾ ਦੋ ਦਿਨਾ ਦੌਰਾ ਅੱਜ ਤੋਂ : The Tribune India

ਰਾਜਪਾਲ ਵੱਲੋਂ ਸਰਹੱਦੀ ਜ਼ਿਲ੍ਹਿਆਂ ਦਾ ਦੋ ਦਿਨਾ ਦੌਰਾ ਅੱਜ ਤੋਂ

ਸਰਪੰਚਾਂ, ਮੋਹਤਬਰਾਂ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਕਰਨਗੇ ਮੀਟਿੰਗਾਂ

ਰਾਜਪਾਲ ਵੱਲੋਂ ਸਰਹੱਦੀ ਜ਼ਿਲ੍ਹਿਆਂ ਦਾ ਦੋ ਦਿਨਾ ਦੌਰਾ ਅੱਜ ਤੋਂ

ਚਰਨਜੀਤ ਭੁੱਲਰ
ਚੰਡੀਗੜ੍ਹ, 24 ਜਨਵਰੀ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਭਲਕ ਤੋਂ ਸਰਹੱਦੀ ਜ਼ਿਲ੍ਹਿਆਂ ਦਾ ਦੋ ਦਿਨਾਂ ਦਾ ਦੌਰਾ ਕਰਨਗੇ। ਗੌਰਤਲਬ ਹੈ ਕਿ ‘ਆਪ’ ਸਰਕਾਰ ਨਾਲ ਰਾਜਪਾਲ ਦਾ ਟਕਰਾਅ ਚੱਲਦਾ ਰਿਹਾ ਹੈ ਤੇ ਉਨ੍ਹਾਂ ਦੇ ਸਰਹੱਦੀ ਖੇਤਰ ਦੇ ਦੌਰੇ ’ਤੇ ਸਭ ਦੀ ਨਜ਼ਰ ਰਹੇਗੀ। ਲੰਘੇ ਦਸ ਮਹੀਨਿਆਂ ਦੌਰਾਨ ਰਾਜਪਾਲ ਦਾ ਇਹ ਤੀਸਰਾ ਦੌਰਾ ਹੈ। ਰਾਜਪਾਲ ਨੇ ਸਰਹੱਦੀ ਜ਼ਿਲ੍ਹਿਆਂ ਦਾ ਪਹਿਲਾ ਦੌਰਾ ਅਪਰੈਲ 2022 ਵਿਚ ਕੀਤਾ ਸੀ। ਉਸ ਵੇਲੇ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਗਏ ਸਨ। ਰਾਜਪਾਲ ਨੇ ਦੂਸਰਾ ਦੌਰਾ ਸਤੰਬਰ 2022 ਵਿਚ ਕੀਤਾ ਸੀ ਜਦੋਂ ਉਨ੍ਹਾਂ ਪੰਜਾਬ ਸਰਕਾਰ ਨੂੰ ਅਸਿੱਧੇ ਤੌਰ ’ਤੇ ਨਿਸ਼ਾਨੇ ’ਤੇ ਲਿਆ ਸੀ। ਰਾਜਪਾਲ ਨੇ ਦੂਸਰੇ ਦੌਰੇ ਦੌਰਾਨ ਕੌਮਾਂਤਰੀ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ ਅਤੇ ਖ਼ਣਨ ਜਿਹੇ ਮੁੱਦੇ ਵੀ ਉਭਾਰੇ ਸਨ। ਵੇਰਵਿਆਂ ਅਨੁਸਾਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਭਲਕੇ ਦੌਰੇ ਦੌਰਾਨ ਸਰਪੰਚਾਂ ਨਾਲ ਮੁਲਾਕਾਤ ਕਰਨਗੇ ਅਤੇ ਹਰ ਜ਼ਿਲ੍ਹੇ ਵਿਚ ਪ੍ਰੈੱਸ ਵਾਰਤਾ ਵੀ ਕਰਨਗੇ। ਪੰਜਾਬ ਸਰਕਾਰ ਵੱਲੋਂ ਰਾਜਪਾਲ ਨੂੰ ਦੌਰੇ ਲਈ ਹੈਲੀਕਾਪਟਰ ਮੁਹੱਈਆ ਕਰਾਇਆ ਗਿਆ ਹੈ। ਰਾਜਪਾਲ ਆਪਣਾ ਦੌਰਾ ਪਠਾਨਕੋਟ ਜ਼ਿਲ੍ਹੇ ਤੋਂ ਸ਼ੁਰੂ ਕਰਨਗੇ ਅਤੇ ਉਹ ਪਠਾਨਕੋਟ ਦੇ ਨਗਰ ਸੁਧਾਰ ਟਰੱਸਟ ਦੇ ਆਡੀਟੋਰੀਅਮ ਵਿਚ ਸਰਪੰਚਾਂ ਅਤੇ ਮੋਹਤਬਰਾਂ ਨਾਲ ਮੀਟਿੰਗ ਕਰਨਗੇ। ਭਲਕੇ ਹੀ ਰਾਜਪਾਲ ਗੁਰਦਾਸਪੁਰ ਦੇ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵਿਚ ਇਲਾਕੇ ਦੇ ਸਰਪੰਚਾਂ ਅਤੇ ਸਮਾਜਿਕ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਨਗੇ। ਇਸੇ ਦਿਨ ਉਹ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਸਰਪੰਚਾਂ ਅਤੇ ਮੋਹਤਬਰਾਂ ਨਾਲ ਗੱਲਬਾਤ ਕਰਨਗੇ। ਕੇਂਦਰੀ ਅਤੇ ਸੂਬਾਈ ਅਫ਼ਸਰਾਂ ਨਾਲ ਵੀ ਇੱਥੇ ਮੀਟਿੰਗ ਕੀਤੀ ਜਾਣੀ ਹੈ। ਦੂਸਰੇ ਦਿਨ ਦੀ ਸ਼ੁਰੂਆਤ ਵੀਰਵਾਰ ਨੂੰ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਕਰਨਗੇ ਜਿੱਥੇ ਉਹ ਐਮ.ਆਰ. ਕਾਲਜ ਵਿਚ ਸਰਪੰਚਾਂ ਨੂੰ ਮਿਲਣਗੇ ਅਤੇ ਇਸੇ ਤਰ੍ਹਾਂ ਦੁਪਹਿਰ ਬਾਅਦ ਫ਼ਿਰੋਜ਼ਪੁਰ ਵਿਚ ਕੇਂਦਰੀ ਅਤੇ ਸੂਬਾਈ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਪੰਚਾਂ ਅਤੇ ਮੋਹਤਬਰਾਂ ਨਾਲ ਵੀ ਮਿਲਣੀ ਕੀਤੀ ਜਾਣੀ ਹੈ।

ਮੁੱਖ ਸਕੱਤਰ ਵੱਲੋਂ ਤਿਆਰੀ ਮੀਟਿੰਗ

ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਰਾਜਪਾਲ ਦੇ ਸਰਹੱਦੀ ਖੇਤਰ ਦੇ ਦੌਰੇ ਦੇ ਮੱਦੇਨਜ਼ਰ ਅੱਜ ਸਰਹੱਦੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲੀ ਮੀਟਿੰਗ ਕੀਤੀ ਹੈ। ਮੁੱਖ ਸਕੱਤਰ ਨੇ ਰਾਜਪਾਲ ਦੇ ਦੌਰੇ ਨੂੰ ਲੈ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਡਿਪਟੀ ਕਮਿਸ਼ਨਰਾਂ ਨੂੰ ਹਰ ਤਰ੍ਹਾਂ ਦੇ ਢੁੱਕਵੇਂ ਇੰਤਜ਼ਾਮ ਕਰਨ ਦੀ ਹਦਾਇਤ ਵੀ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All