ਚਰਨਜੀਤ ਭੁੱਲਰ
ਚੰਡੀਗੜ੍ਹ, 26 ਮਈ
ਪੰਜਾਬ ਦੇ ਦਰਜਨਾਂ ਸਾਬਕਾ ਵਿਧਾਇਕਾਂ ਨੂੰ ਪੈਨਸ਼ਨਾਂ ਦੇ ਗੱਫੇ ਲੈਣ ਦੀ ਫਿਲਹਾਲ ਕੁਝ ਹੋਰ ਸਮੇਂ ਲਈ ਮੋਹਲਤ ਮਿਲ ਗਈ ਹੈ। ਪੰਜਾਬ ਸਰਕਾਰ ਵੱਲੋਂ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਲਾਗੂ ਕਰਨ ਵਾਸਤੇ ਆਰਡੀਨੈਂਸ ਪਾਸ ਕੀਤਾ ਗਿਆ ਸੀ ਜਿਸ ’ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੋਹਰ ਨਹੀਂ ਲਾਈ ਹੈ। ਇਸ ਆਰਡੀਨੈਂਸ ਨੂੰ ਰਾਜਪਾਲ ਨੇ ਵਾਪਸ ਪੰਜਾਬ ਸਰਕਾਰ ਕੋਲ ਭੇਜ ਦਿੱਤਾ ਹੈ ਅਤੇ ਸੂਬਾ ਸਰਕਾਰ ਨੂੰ ਮਸ਼ਵਰਾ ਦਿੱਤਾ ਹੈ ਕਿ ਜੂਨ ਮਹੀਨੇ ਦੇ ਬਜਟ ਸੈਸ਼ਨ ਵਿੱਚ ਇਸ ਬਾਰੇ ਬਿੱਲ ਲਿਆਂਦਾ ਜਾਵੇ।
ਰਾਜਪਾਲ ਵੱਲੋਂ ਪ੍ਰਵਾਨਗੀ ਨਾ ਦਿੱਤੇ ਜਾਣ ਕਾਰਨ ਹੁਣ ਉਨ੍ਹਾਂ ਸਾਬਕਾ ਵਿਧਾਇਕਾਂ ਨੂੰ ਹੋਰ ਦੋ ਮਹੀਨੇ ਲਈ ਪੈਨਸ਼ਨਾਂ ਦਾ ਗੱਫਾ ਮਿਲ ਸਕੇਗਾ ਜਿਨ੍ਹਾਂ ਨੂੰ ਇੱਕ ਟਰਮ ਤੋਂ ਜ਼ਿਆਦਾ ਟਰਮਾਂ ਦੀ ਪੈਨਸ਼ਨ ਮਿਲ ਰਹੀ ਹੈ। ਰਾਜਪਾਲ ਇਸ ਆਰਡੀਨੈਂਸ ’ਤੇ ਮੋਹਰ ਲਗਾ ਦਿੰਦੇ ਤਾਂ ਮਈ ਮਹੀਨੇ ਮਗਰੋਂ ਕਈ-ਕਈ ਟਰਮਾਂ ਦੀ ਪੈਨਸ਼ਨ ਲੈਣ ਵਾਲੇ ਸਾਬਕਾ ਵਿਧਾਇਕਾਂ ਨੂੰ ਸਿਰਫ਼ ਇੱਕ ਟਰਮ ਦੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਣੀ ਸੀ। ਹੁਣ ਜੂਨ ਮਹੀਨੇ ਦੇ ਬਜਟ ਸੈਸ਼ਨ ਵਿਚ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਬਿੱਲ ਲਿਆਂਦਾ ਜਾਵੇਗਾ। ਪੰਜਾਬ ਵਜ਼ਾਰਤ ਨੇ 2 ਮਈ ਦੀ ਮੀਟਿੰਗ ਵਿਚ ਇਸ ਬਾਰੇ ਆਰਡੀਨੈਂਸ ਨੂੰ ਹਰੀ ਝੰਡੀ ਦਿੱਤੀ ਸੀ। ਮਾਹਿਰ ਆਖਦੇ ਹਨ ਕਿ ਰਾਜਪਾਲ ਨੇ ਇਸ ਕਰਕੇ ਆਰਡੀਨੈੱਸ ’ਤੇ ਮੋਹਰ ਨਹੀਂ ਲਾਈ ਹੈ ਕਿਉਂਕਿ ਸੈਸ਼ਨ ਵਿੱਚ ਜ਼ਿਆਦਾ ਸਮਾਂ ਬਾਕੀ ਨਹੀਂ ਰਹਿ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਪਹਿਲਾਂ ‘ਇੱਕ ਵਿਧਾਇਕ ਇੱਕ ਪੈਨਸ਼ਨ’ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦਾ ਦਾਅਵਾ ਸੀ ਕਿ ਇਸ ਫ਼ੈਸਲੇ ਨਾਲ ਸਰਕਾਰੀ ਖ਼ਜ਼ਾਨੇ ਤੋਂ 19.53 ਕਰੋੜ ਦਾ ਸਾਲਾਨਾ ਵਿੱਤੀ ਬੋਝ ਘਟੇਗਾ।
ਇਸ ਵਾਰ ਵਿਧਾਨ ਸਭਾ ਚੋਣਾਂ ’ਚ ਬਹੁਤੇ ਪੁਰਾਣੇ ਖਿਡਾਰੀ ਹਾਰ ਗਏ ਹਨ ਜਿਸ ਕਰਕੇ ਸਾਬਕਾ ਵਿਧਾਇਕਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋ ਗਿਆ ਹੈ। 17ਵੀਂ ਵਿਧਾਨ ਸਭਾ ਦੇ ਗਠਨ ਤੋਂ ਪਹਿਲਾਂ 245 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲਦੀ ਸੀ ਜਦਕਿ ਹੁਣ ਨਵੇਂ 80 ਹੋਰ ਸਾਬਕਾ ਵਿਧਾਇਕ ਇਸ ’ਚ ਜੁੜ ਗਏ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਨਹੀਂ ਲੈਣਗੇ।
ਦੋ ਹੋਰ ਮਹੀਨੇ ਮਿਲੇਗਾ ਲਾਹਾ
ਸਭ ਤੋਂ ਵੱਧ ਪੈਨਸ਼ਨ ਲੈਣ ਵਾਲਿਆਂ ਵਿਚ ਬੀਬੀ ਰਜਿੰਦਰ ਕੌਰ ਭੱਠਲ, ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਲਾਲ ਸਿੰਘ, ਸਾਬਕਾ ਅਕਾਲੀ ਮੰਤਰੀ ਸਰਵਨ ਸਿੰਘ ਫਿਲੌਰ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਆਦਿ ਦੇ ਨਾਮ ਸ਼ਾਮਿਲ ਹਨ। ਦੱਸਣਯੋਗ ਹੈ ਕਿ ਇੱਕ ਵਾਰੀ ਵਿਧਾਇਕ ਬਣਨ ਮਗਰੋਂ ਸਾਬਕਾ ਵਿਧਾਇਕ ਸਭ ਭੱਤਿਆਂ ਸਮੇਤ 75,150 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ। ਇਨ੍ਹਾਂ ਨੂੰ ਦੋ ਮਹੀਨੇ ਹੋਰ ਵੱਖ ਵੱਖ ਟਰਮਾਂ ਦੀ ਪੈਨਸ਼ਨ ਦਾ ਲਾਹਾ ਮਿਲੇਗਾ।