ਰਾਮ ਸ਼ਰਨ ਸੂਦ
ਅਮਲੋਹ, 1 ਅਕਤੂਬਰ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਅੱਜ ਬਾਅਦ ਦੁਪਹਿਰ ਪਿੰਡ ਬਡਗੁੱਜਰਾਂ ਵਿੱਚ ਖੁਦਕੁਸ਼ੀ ਕਰਨ ਵਾਲੇ ਕਾਂਗਰਸੀ ਸਰਪੰਚ ਬਲਕਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮਗਰੋਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਵੜਿੰਗ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਵਿੱਚ ਦੋਸ਼ੀ ਗ੍ਰਿਫ਼ਤਾਰ ਨਾ ਕੀਤੇ ਗਏ ਤਾਂ 3 ਅਕਤੂਬਰ ਨੂੰ ਵਿਧਾਨ ਸਭਾ ਵਿੱਚ ਮੁੱਦਾ ਉਠਾਇਆ ਜਾਵੇਗਾ। ਜੇਕਰ ਫਿਰ ਵੀ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਮੁੱਖ ਮਾਰਗ ’ਤੇ ਧਰਨਾ ਦਿੱਤਾ ਜਾਵੇਗਾ।
ਉਨ੍ਹਾਂ ‘ਆਪ’ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਬਦਲਾਖੋਰੀ ਦੀ ਨੀਤੀ ਤਹਿਤ ਕਾਂਗਰਸੀ ਸਰਪੰਚਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਜਿਹੇ ਮਾਮਲਿਆਂ ’ਤੇ ਸਿਆਸਤ ਨਹੀਂ ਕਰ ਰਹੀ ਪਰ ਜੇਕਰ ਕਾਂਗਰਸੀ ਸਰਪੰਚਾਂ ਤੇ ਆਗੂਆਂ ਨੂੰ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਉਲੀਕਿਆਂ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਚਾਰ ਦਿਨ ਬੀਤਣ ਮਗਰੋਂ ਵੀ ਦੋਸ਼ੀ ਕਾਬੂ ਨਹੀਂ ਕੀਤੇ ਗਏ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਲਾਕੇ ਦੇ ਸਰਪੰਚਾਂ ਨਾਲ ਕੀਤੀ ਮੀਟਿੰਗ
ਸਰਪੰਚਾਂ ਨਾਲ ਹੋਈ ਮੀਟਿੰਗ ਵਿੱਚ ਸ੍ਰੀ ਵੜਿੰਗ ਨੂੰ ਦੱਸਿਆ ਗਿਆ ਕਿ 6 ਅਕਤੂਬਰ ਨੂੰ 11 ਪਿੰਡਾਂ ਦੀਆਂ ਵੋਟਾਂ ਦੀ ਗਿਣਤੀ ਮੁੜ ਕਰਵਾਈ ਜਾ ਰਹੀ ਹੈ ਤੇ ਸਰਪੰਚਾਂ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ। ਇਸ ਮਗਰੋਂ ਸ੍ਰੀ ਵੜਿੰਗ ਨੇ ਪੰਚਾਇਤ ਅਧਿਕਾਰੀਆਂ ਨੂੰ ਫ਼ੋਨ ’ਤੇ ਤਾੜਨਾ ਕੀਤੀ ਕਿ ਜੇਕਰ ਸਰਪੰਚਾਂ ਤੇ ਪੰਚਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਨਤੀਜਾ ਚੰਗਾ ਨਹੀਂ ਹੋਵੇਗਾ।