ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੋਸ਼ ਲਾਇਆ ਹੈ ਕਿ ਸੂਬਾ ਸਰਕਾਰ ਦੀ ਗੈਰ-ਸੰਜੀਦਗੀ ਕਾਰਨ ਮੌਜੂਦਾ ਕੋਲਾ ਸੰਕਟ ਪੈਦਾ ਹੋਇਆ ਹੈ। ਚੰਦੂਮਾਜਰਾ ਨੇ ਕਿਹਾ ਕਿ ਕੋਲਾ ਸਪਲਾਈ ਦੇ ਨਿਯਮ ਸਪੱਸ਼ਟ ਹਨ ਕਿ ਜੋ ਪੇਸ਼ਗੀ ਅਦਾਇਗੀ ਕਰਦੇ ਹਨ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਕੋਲਾ ਮਿਲਦਾ ਹੈ। ਜੋ ਸਪਲਾਈ ਹੋਣ ’ਤੇ ਤੁਰੰਤ ਅਦਾਇਗੀ ਕਰਦੇ ਹਨ, ਉਨ੍ਹਾਂ ਨੂੰ ਦੂਜੀ ਤਰਜੀਹ ਮਿਲਦੀ ਹੈ ਤੇ ਅਖੀਰ ਵਿਚ ਡਿਫਾਲਟਰਾਂ ਨੂੰ ਕੋਲਾ ਸਪਲਾਈ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਸਿਰ ‘ਕੋਲ ਇੰਡੀਆ ਲਿਮਟਡ’ ਦਾ ਕਰੋੜਾਂ ਰੁਪਏ ਦਾ ਕਰਜ਼ ਹੈ, ਜਿਸ ਕਾਰਨ ਪੰਜਾਬ ਨੂੰ ਕੋਲਾ ਦੇਰੀ ਨਾਲ ਮਿਲ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਬਿਜਲੀ ਨਿਗਮ ਨੂੰ ਸਬਸਿਡੀ ਦੇ 3600 ਕਰੋੜ ਰੁਪਏ ਦੇਣੇ ਹਨ ਜਦਕਿ ਦੋ ਹਜ਼ਾਰ ਕਰੋੜ ਰੁਪਏ ਸਰਕਾਰੀ ਦਫਤਰਾਂ ਦੇ ਬਿੱਲਾਂ ਦੀ ਅਦਾਇਗੀ ਬਕਾਇਆ ਹੈ।