ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 30 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਅੱਜ ਇਥੇ ਜ਼ੀਰਾ ਦੀ ਇੱਕ ਅਦਾਲਤ ਵਿਚ ਸੁਣਵਾਈ ਲਈ ਪਹੁੰਚੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਝੂਠਾ ਪ੍ਰਚਾਰ ਅਤੇ ਪੇਡ ਨਿਊਜ਼ ਮੁਹਿੰਮ ਬੰਦ ਕਰਨ ਅਤੇ ਪੰਜਾਬ ਵਿਚ ਗੁੰਡਾ ਰਾਜ ਖ਼ਤਮ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ। ਸ੍ਰੀ ਬਾਦਲ ਨੇ ਮਗਰੋਂ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮਗਰੋਂ ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਦੀ ਢਿੱਲ ਕਾਰਨ ਗੈਂਗਸਟਰ ਸੂਬਾ ਪੁਲੀਸ ਮੁਖੀ ਨੂੰ ਸ਼ਰੇਆਮ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਅਹੁਦੇਦਾਰ ਤੇ ਵਰਕਰ ਮਾਈਨਿੰਗ ਮਾਫੀਆ ਨਾਲ ਰਲ ਕੇ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਰਹੇ ਹਨ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਅਖ਼ਬਾਰਾਂ ਤੇ ਮੀਡੀਆ ਘਰਾਣਿਆਂ ਲਈ ਸੱਤ ਸੌ ਕਰੋੜ ਰੁਪਏ ਦਾ ਬਜਟ ਰੱਖਿਆ ਹੈ ਤਾਂ ਜੋ ਇਹ ਆਪਣਾ ਹੀ ਪ੍ਰਾਪੇਗੰਡਾ ਕਰ ਸਕੇ। ਮੀਟਿੰਗ ਦੌਰਾਨ ਸੁਖਬੀਰ ਬਾਦਲ ਨੇ ਡੀਸੀ ਨੂੰ ਕਿਹਾ ਕਿ ਉਹ ਕਾਂਗਰਸੀ ਵਿਧਾਇਕ ਤੇ ਉਸ ਦੇ ਸਹਿਯੋਗੀਆਂ ਵੱਲੋਂ ਮਨਰੇਗਾ ਫੰਡਾਂ ਦੀ ਕੀਤੀ ਦੁਰਵਰਤੋਂ ਦੀ ਜਾਂਚ ਕਰਵਾਉਣ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਆਪਣੀਆਂ ਇੰਟਰਲਾਕਿੰਗ ਟਾਈਲਾਂ ਬਣਾਉਣ ਵਾਲੀਆਂ ਫੈਕਟਰੀਆਂ ਤੋਂ ਸਰਕਾਰ ਨੂੰ ਘਟੀਆ ਮਿਆਰ ਦੀਆਂ ਟਾਈਲਾਂ ਖਰੀਦਣ ਲਈ ਮਜਬੂਰ ਕਰਦੇ ਸਨ।
ਬਾਦਲ ਨੇ ਇਥੋਂ ਦੇ ਪੀਜੀਆਈ ਸੈਟੇਲਾਈਟ ਸੈਂਟਰ ਦੇ ਨਿਰਮਾਣ ਵਿੱਚ ਹੋ ਰਹੀ ਦੇਰੀ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਲੰਪੀ ਸਕਿਨ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਸੂਬਾ ਸਰਕਾਰ ਤੋਂ ਤਿੰਨ ਸੌ ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ।