ਬਹਾਦਰਜੀਤ ਸਿੰਘ
ਰੂਪਨਗਰ, 23 ਨਵੰਬਰ
ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਵੱਲੋਂ ਪਹਿਲਾਂ ਦਿੱਤੇ ਗਏ ਨੋਟਿਸ ਦੇ ਆਧਾਰ ਉੱਤੇ ਸਥਾਨਕ ਸਿਵਲ ਸਕੱਤਰੇਤ ਦੀ ਇਮਾਰਤ ਅੰਦਰ ਅੱਜ ਸਥਿਤੀ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਜਰਨੈਲ ਸਿੰਘ ਦੇ ਦਫਤਰ ਦਾ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਸਸਕੌਰ ਦੀ ਅਗਵਾਈ ਹੇਠ ਘਿਰਾਓ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।
ਜਥੇਬੰਦੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਜਥੇਬੰਦੀ ਹਮੇਸ਼ਾਂ ਗੱਲਬਾਤ ਰਾਹੀਂ ਅਧਿਆਪਕ ਮਸਲਿਆਂ ਦੇ ਹੱਲ ਦੀ ਮੁਦੱਈ ਰਹੀ ਹੈ ਪਰ ਅਫਸਰਸ਼ਾਹੀ ਦੀ ਅਣਗਹਿਲੀ ਕਾਰਨ ਅਧਿਆਪਕ ਵਰਗ ਅਤੇ ਜ਼ਿਲ੍ਹੇ ਦੇ ਵਿੱਦਿਅਕ ਮਾਹੌਲ ’ਤੇ ਪੈ ਰਹੇ ਮਾਰੂ ਪ੍ਰਭਾਵ ਨੂੰ ਜਥੇਬੰਦੀ ਬਿਲਕੁੱਲ ਵੀ ਸਹਿਣ ਨਹੀਂ ਕਰੇਗੀ। ਉਨ੍ਹਾਂ ਦੱਸਿਆ ਕਿ ਸਬੰਧਤ ਦਫਤਰ ਵੱਲੋਂ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ, ਈਟੀਟੀ ਤੋਂ ਹੈੱਡ ਟੀਚਰ ਦੀਆਂ ਤਰੱਕੀਆਂ ਕਰਨ ਸਬੰਧੀ ਡੰਗ ਟਪਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਸਬੰਧਤ ਦਫਤਰ ਵੱਲੋਂ ਜ਼ਿਲ੍ਹੇ ਭਰ ਅੰਦਰ ਆਰਜ਼ੀ ਬੀਪੀਈਓ ਨਿਯੁਕਤ ਕਰਨ ਸਬੰਧੀ ਸੀਨੀਆਰਤਾ ਸੂਚੀ ਦੀ ਅਣਦੇਖੀ ਕਰਦਿਆਂ ਚਹੇਤਿਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਬਕਾਇਦਾ ਪ੍ਰੈੱਸ ਰਾਹੀਂ ਦਫਤਰ ਦੇ ਘਿਰਾਓ ਦਾ ਨੋਟਿਸ ਦਿੱਤਾ ਗਿਆ ਹੋਣ ਦੇ ਬਾਵਜੂਦ ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਖੁਦ ਤੇ ਸਮੂਹ ਸੀਨੀਅਰ ਸਟਾਫ਼ ਦਾ ਇਸ ਮੌਕੇ ਜਾਣ ਬੁੱਝ ਕੇ ਦਫਤਰ ਤੋਂ ਗੈਰਹਾਜ਼ਰ ਹੋਣਾ ਦਫਤਰ ਦੀ ਅਧਿਆਪਕ ਮਸਲਿਆਂ ਪ੍ਰਤੀ ਨਕਾਰਾਤਮਕ ਪਹੁੰਚ ਦਾ ਸਪੱਸ਼ਟ ਪ੍ਰਗਟਾਵਾ ਹੈ।
ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਮੰਗਲਵਾਰ ਨੂੰ ਬਾਅਦ ਦੁਪਹਿਰ ਦੋ ਵਜੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਨਾਲ ਮੁਲਾਕਾਤ ਕੀਤੀ ਜਾਵੇਗੀ। ਜੇਕਰ ਫੇਰ ਵੀ ਸਬੰਧਤ ਅਫਸਰ ਦੇ ਕੰਨ ’ਤੇ ਜੂੰ ਨਾ ਸਰਕੀ ਤਾਂ 26 ਨਵੰਬਰ ਨੂੰ ਮੁੜ ਦਫਤਰ ਦਾ ਘਿਰਾਓ ਕਰਦੇ ਹੋਏ ਭਵਿੱਖੀ ਲੜੀਵਾਰ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਜਵੰਧਾ, ਰਾਕੇਸ਼ ਕੁਮਾਰ ਗੋਨੂੰ, ਗੁਰਦੀਪ ਸਿੰਘ ਖਾਬੜਾ, ਦਵਿੰਦਰ ਸਿੰਘ ਚਨੌਲੀ, ਗੁਰਪ੍ਰੀਤ ਸਿੰਘ ਹੈਪੀ, ਇੰਦਰਜੀਤ ਸਿੰਘ ਥਲੀ ਕਲਾਂ, ਯਸ਼ਪਾਲ ਸ਼ਰਮਾ, ਰਾਕੇਸ਼ ਭੰਡਾਰੀ, ਸੱਜਣ ਸਿੰਘ, ਪਰਮਿੰਦਰ ਸਿੰਘ ਸਿੱਧੂ, ਹਰਬੰਸ ਸਿੰਘ ਬੈਂਸ, ਜਗਦੀਪ ਸਿੰਘ, ਸੰਬੋਧ ਕੱਪਲਾ, ਮਨਜੀਤ ਸਿੰਘ, ਹਰਕੇਸ਼ ਕੁਮਾਰ, ਰਣਜੀਤ ਸਿੰਘ ਔਲਖ ਤੇ ਲਖਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।