ਚਰਨਜੀਤ ਭੁੱਲਰ
ਚੰਡੀਗੜ੍ਹ, 13 ਅਗਸਤ
ਸਿੱਖਿਆ ਵਿਭਾਗ ਪੰਜਾਬ ਵੱਲੋਂ ਆਜ਼ਾਦੀ ਦਿਹਾੜੇ ’ਤੇ ਬਾਰ੍ਹਵੀਂ ਦੀ ਪ੍ਰੀਖਿਆ ’ਚ ਸਿਖ਼ਰਾਂ ਛੂਹਣ ਵਾਲੇ ਵਿਦਿਆਰਥੀਆਂ ਨੂੰ 5100 ਰੁਪਏ ਦਾ ਸਰਕਾਰੀ ਸ਼ਗਨ ਦਿੱਤਾ ਜਾਵੇਗਾ। ਸਿੱਖਿਆ ਵਿਭਾਗ ਨੇ 98 ਫ਼ੀਸਦੀ ਅਤੇ ਇਸ ਤੋਂ ਵੱਧ ਨੰਬਰ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਸਰਕਾਰੀ ਤੌਰ ’ਤੇ ਐਤਕੀਂ 5100 ਰੁਪਏ ਦਾ ਇਨਾਮ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਬੱਚਿਆਂ ਦੀ ਹੌਸਲਾ ਅਫਜਾਈ ਹੋ ਸਕੇ। ਸਿੱਖਿਆ ਦੇ ਸਕੱਤਰ ਨੇ ਲੰਘੇ ਕੱਲ੍ਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਨ੍ਹਾਂ ਬੱਚਿਆਂ ਦੀ ਸੂਚੀ ਭੇਜ ਦਿੱਤੀ ਹੈ ਅਤੇ ਇਨ੍ਹਾਂ ਬੱਚਿਆਂ ਦੇ 5100-5100 ਰੁਪਏ ਚੈੱਕ ਬਣਾਉਣ ਦੀ ਹਦਾਇਤ ਕੀਤੀ ਗਈ ਹੈ।
ਬਾਰ੍ਹਵੀਂ ਕਲਾਸ ’ਚੋਂ 98 ਫ਼ੀਸਦੀ ਤੇ ਇਸ ਤੋਂ ਵੱਧ ਨੰਬਰ ਹਾਸਲ ਕਰਨ ਵਾਲੇ ਪੰਜਾਬ ਭਰ ਦੇ ਕੁੱਲ 395 ਵਿਦਿਆਰਥੀ ਹਨ ਜਿਨ੍ਹਾਂ ‘ਚ ਵੱਡੀ ਗਿਣਤੀ ਲੜਕੀਆਂ ਦੀ ਹੈ। ਵੇਰਵਿਆਂ ਅਨੁਸਾਰ ਇਨ੍ਹਾਂ ਵਿਦਿਆਰਥੀਆਂ ਵਿੱਚ 155 ਵਿਦਿਆਰਥੀ ਸਰਕਾਰੀ ਸਕੂਲਾਂ ਦੇ ਹਨ। ਬਾਰ੍ਹਵੀਂ ਵਿੱਚ ਸੌ ਫ਼ੀਸਦੀ ਅੰਕ ਹਾਸਲ ਕਰਨ ਵਾਲੇ ਪੰਜਾਬ ਦੇ 11 ਵਿਦਿਆਰਥੀ ਹਨ ਜਿਨ੍ਹਾਂ ਵਿੱਚ ਕੋਈ ਵੀ ਲੜਕਾ ਸ਼ਾਮਲ ਨਹੀਂ ਹੈ। ਸਿਖਰਲੇ 11 ਵਿਦਿਆਰਥੀਆਂ ’ਚੋਂ ਜ਼ਿਲ੍ਹਾ ਫ਼ਰੀਦਕੋਟ ਦੇ 7, ਮੁਕਤਸਰ ਦੇ 2 ਅਤੇ ਦੋ ਜ਼ਿਲ੍ਹਾ ਫ਼ਾਜ਼ਿਲਕਾ ਦੇ ਹਨ। ਫ਼ਾਜ਼ਿਲਕਾ ਨੇ ਐਤਕੀਂ ਉਪਰਲਿਆਂ ਵਿਚ ਚੰਗੀ ਥਾਂ ਬਣਾਈ ਹੈ।
ਜ਼ਿਲ੍ਹਾ ਫ਼ਾਜ਼ਿਲਕਾ ਦੇ ਅਧਿਆਪਕ ਲਵਜੀਤ ਸਿੰਘ ਦਾ ਕਹਿਣਾ ਸੀ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਬੇਮਿਸਾਲ ਪ੍ਰਤਿਭਾ ਹੈ ਜਿਨ੍ਹਾਂ ਨੂੰ ਪਹਿਲਾਂ ਕਦੇ ਮੌਕੇ ਨਹੀਂ ਮਿਲੇ ਸਨ। 99 ਫ਼ੀਸਦੀ ਅੰਕ ਲੈਣ ਵਾਲੇ 12 ਵਿਦਿਆਰਥੀ ਹਨ ਜਿਨ੍ਹਾਂ ‘ਚ ਅੱਠ ਲੜਕੀਆਂ ਤੇ ਤਿੰਨ ਲੜਕੇ ਸ਼ਾਮਲ ਹਨ। ਗੁਰਦਾਸਪੁਰ ਦੇ ਕਾਹਨੂੰਵਾਨ ਸਕੂਲ ਦੀ ਲੜਕੀ ਪ੍ਰਵਿੰਕਲਜੀਤ ਕੌਰ ਤੇ ਫ਼ਾਜ਼ਿਲਕਾ ਦੇ ਪਿੰਡ ਚੱਕ ਬਣਵਾਲਾ ਦੇ ਲੜਕੇ ਰਾਜ ਕੁਮਾਰ ਨੇ ਬਾਰ੍ਹਵੀਂ ’ਚੋਂ 99 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ, ਇਨ੍ਹਾਂ ਬੱਚਿਆਂ ਨੂੰ ਆਜ਼ਾਦੀ ਦਿਹਾੜੇ ’ਤੇ ਸਨਮਾਨਿਤ ਕੀਤਾ ਜਾਵੇਗਾ।
ਬਰਨਾਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨਿਧਾ ਅਲਤਾਫ ਨੇ ਕਿਹਾ ਕਿ ਸਿੱਖਿਆ ਵਿਭਾਗ ਤਰਫ਼ੋਂ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਨਾਲ ਊਨ੍ਹਾਂ ਨੂੰ ਹੱਲਾਸ਼ੇਰੀ ਮਿਲੇਗੀ। ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀਆਂ ਦੀ ਲੈਕਚਰਾਰ ਸੁਖਜਿੰਦਰ ਕੌਰ ਦਾ ਪ੍ਰਤੀਕਰਮ ਸੀ ਕਿ ਸਿੱਖਿਆ ਮਹਿਕਮੇ ਦਾ ਇਹ ਉਪਰਾਲਾ ਲਾਇਕ ਬੱਚਿਆਂ ਲਈ ਮਾਲੀ ਸਹਾਰਾ ਬਣੇਗਾ। ਵੇਰਵਿਆਂ ਅਨੁਸਾਰ ਬੁਢਲਾਡਾ ਦੇ ਸਰਕਾਰੀ ਸਕੂਲ ਦੀ ਸਿਮਰਜੀਤ ਕੌਰ ਅਤੇ ਖੈਰਾ ਖੁਰਦ ਦੀ ਲੜਕੀ ਮੀਨੂੰ ਨੇ ਵੀ 99 ਫ਼ੀਸਦੀ ਅੰਕ ਲਏ ਹਨ ਜਿਨ੍ਹਾਂ ਨੂੰ ਨਗਦ ਰਾਸ਼ੀ ਮਿਲੇਗੀ। ਬਠਿੰਡਾ ਦੇ ਸਪੋਰਟਸ ਸਕੂਲ ਘੁੱਦਾ ਦੇ ਅੱਧੀ ਦਰਜਨ ਵਿਦਿਆਰਥੀ ਇਸ ਇਨਾਮ ਦੇ ਹੱਕਦਾਰ ਬਣੇ ਹਨ। ਸਰਹੱਦੀ ਜ਼ਿਲ੍ਹਿਆਂ ਦੇ ਬੱਚਿਆਂ ਨੇ ਇਸ ਪਾਸੇ ਖਾਸ ਮੱਲਾਂ ਮਾਰੀਆਂ ਹਨ।
ਵਿਦਿਆਰਥੀਆਂ ਨੂੰ ਚੈੱਕ ਦਿੱਤੇ ਜਾਣਗੇ: ਤੂਰ
ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਤਰਫ਼ੋਂ ਅੱਜ ਰਾਸ਼ੀ ਜ਼ਿਲ੍ਹਾ ਸਿੱਖਿਆ ਦਫਤਰਾਂ ਨੂੰ ਭੇਜ ਦਿੱਤੀ ਗਈ ਹੈ ਅਤੇ ਅੱਗੇ ਹੁਣ ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਚੈੱਕ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 98 ਫ਼ੀਸਦੀ ਅਤੇ ਉਸ ਤੋਂ ਉਪਰ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਸਭ ਤਿਆਰੀ ਮੁਕੰਮਲ ਹੋ ਗਈ ਹੈ।