ਚਰਨਜੀਤ ਭੁੱਲਰ
ਚੰਡੀਗੜ੍ਹ, 16 ਅਗਸਤ
ਪੰਜਾਬ ਸਰਕਾਰ ਨੇ ਨੌਵੀਂ ਤੋਂ ਬਾਰ੍ਹਵੀਂ ਕਲਾਸ ਦੇ ਬੱਚਿਆਂ ਦੀ ਸਰਕਾਰੀ ਫੀਸ ਮੁਆਫ਼ ਕਰ ਦਿੱਤੀ ਹੈ। ਇਸ ਨਾਲ ਸਕੂਲੀ ਬੱਚਿਆਂ ਨੂੰ ਕਰੀਬ 19.58 ਕਰੋੜ ਦੀ ਸਾਲਾਨਾ ਰਾਹਤ ਮਿਲੇਗੀ। ਸਿੱਖਿਆ ਵਿਭਾਗ ਨੇ ਪਹਿਲੀ ਤੋਂ ਬਾਰ੍ਹਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਦੀ ਸਰਕਾਰੀ ਫੀਸ ਮੁਆਫ਼ ਕਰਨ ਦਾ ਪੱਤਰ ਜਾਰੀ ਕੀਤਾ ਹੈ। ਇਸ ਤਹਿਤ ਉਹ ਫੀਸ ਮੁਆਫ਼ ਹੋਵੇਗੀ ਜੋ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਹੁੰਦੀ ਹੈ। ਸਿੱਖਿਆ ਦਾ ਅਧਿਕਾਰ ਕਾਨੂੰਨ ਤਹਿਤ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਤੋਂ ਪਹਿਲਾਂ ਹੀ ਕੋਈ ਫੀਸ ਨਹੀਂ ਲਈ ਜਾ ਰਹੀ ਸੀ।
ਸਰਕਾਰੀ ਸਕੂਲਾਂ ਵਿੱਚ ਜੋ ਪੀਟੀਏ ਫੰਡ ਵਗੈਰਾ ਲਿਆ ਜਾਂਦਾ ਹੈ, ਉਹ ਉਵੇਂ ਹੀ ਜਾਰੀ ਰਹੇਗਾ। ਸਿੱਖਿਆ ਵਿਭਾਗ ਤਰਫ਼ੋਂ ਸਰਕਾਰੀ ਸਕੂਲਾਂ ਦੀਆਂ ਜੋ ਫੀਸਾਂ ਮੁਆਫ਼ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਟਿਊਸ਼ਨ ਫੀਸ, ਕੰਪਿਊਟਰ ਫੀਸ ਅਤੇ ਦਾਖ਼ਲਾ ਫੀਸ ਸ਼ਾਮਿਲ ਹੈ। ਮੁੜ ਦਾਖ਼ਲਾ ਫੀਸ ਵੀ ਮੁਆਫ਼ ਕੀਤੀ ਹੈ।
ਨੌਵੀਂ ਤੇ ਦਸਵੀਂ ਕਲਾਸ ਦੀ ਟਿਊਸ਼ਨ ਫੀਸ ਸੱਤ-ਸੱਤ ਰੁਪਏ, ਕੰਪਿਊਟਰ ਫੀਸ ਤੀਹ-ਤੀਹ ਰੁਪਏ ਮਹੀਨਾ ਅਤੇ ਦਾਖ਼ਲ ਫੀਸ ਤਿੰਨ ਰੁਪਏ ਸਾਲਾਨਾ ਹੈ। ਇਸੇ ਤਰ੍ਹਾਂ ਗਿਆਰਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੀ ਟਿਊਸ਼ਨ ਫੀਸ ਪ੍ਰਤੀ ਮਹੀਨਾ ਦਸ-ਦਸ ਰੁਪਏ ਅਤੇ ਕੰਪਿਊਟਰ ਫੀਸ 35-35 ਰੁਪਏ ਤੋਂ ਇਲਾਵਾ ਦਾਖ਼ਲਾ ਫੀਸ 10-10 ਰੁਪਏ ਸਾਲਾਨਾ ਹੁੰਦੀ ਸੀ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਨੌਵੀਂ ਤੋਂ ਬਾਰ੍ਹਵੀਂ ਤੱਕ ਐਤਕੀਂ 3.41 ਲੱਖ ਸਕੂਲੀ ਬੱਚੇ ਪੜ੍ਹਦੇ ਹਨ।
ਸਕੂਲੀ ਬੱਚਿਆਂ ਨੂੰ ਵੱਡੀ ਰਾਹਤ: ਸਕੱਤਰ
ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਅਨੁਸਾਰ ਨੌਵੀਂ ਤੋਂ ਬਾਰ੍ਹਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਸਰਕਾਰੀ ਫੀਸ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਸਰਕਾਰ ਤਰਫ਼ੋਂ ਵੱਡੀ ਰਾਹਤ ਦਿੱਤੀ ਗਈ ਹੈ।