ਚੰਡੀਗੜ੍ਹ (ਟਨਸ): ਪੰਜਾਬ ਵਿੱਚ ਜ਼ਮੀਨ-ਜਾਇਦਾਦ ਦੀ ਖਰੀਦੋ-ਫਰੋਖ਼ਤ ਨਾਲ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਗਸਤ 2022 ’ਚ ਪਿਛਲੇ ਸਾਲ ਅਗਸਤ ਮਹੀਨੇ ਦੇ ਮੁਕਾਬਲੇ 21.87 ਫ਼ੀਸਦ ਵੱਧ ਮਾਲੀਆ ਇਕੱਠਾ ਹੋਇਆ ਹੈ। ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਟੈਂਪ ਅਤੇ ਰਜਿਸਟਰੇਸ਼ਨ ਅਧੀਨ ਅਗਸਤ 2022 ਵਿੱਚ 281 ਕਰੋੜ 18 ਲੱਖ 60 ਹਜ਼ਾਰ 67 ਰੁਪਏ ਦੀ ਆਮਦਨ ਹੋਈ ਹੈ, ਜਦਕਿ ਪਿਛਲੇ ਸਾਲ ਅਗਸਤ 2021 ਵਿੱਚ ਇਹ ਆਮਦਨ 230 ਕਰੋੜ 70 ਲੱਖ 97 ਹਜ਼ਾਰ 158 ਰੁਪਏ ਸੀ। ਜਿੰਪਾ ਨੇ ਕਿਹਾ ਕਿ ਇਸ ਸਾਲ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਅਤੇ ਸਟੈਂਪ ਪੇਪਰਾਂ ਦੀ ਵਿਕਰੀ ਤੋਂ ਪੰਜਾਬ ਦੀ ਆਮਦਨ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਣਅਧਿਕਾਰਤ ਕਲੋਨੀਆਂ ਦੇ ਐੱਨਓਸੀ ਧਾਰਕਾਂ ਨੂੰ ਆਪਣੇ ਪਲਾਟ/ਜਾਇਦਾਦਾਂ ਦੀ ਰਜਿਸਟਰੀ ਕਰਵਾਉਣ ਦੀ ਆਗਿਆ ਦੇ ਦਿੱਤੀ ਗਈ ਹੈ।