ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਮਈ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੂਬੇ ਵਿੱਚ ਵੈਂਟੀਲੇਟਰਾਂ ਦੀ ਘਾਟ ਕਰਕੇ ਲੋਕ ਮਰ ਰਹੇ ਹਨ। ਪੀ.ਐਮ ਕੇਅਰ ਫੰਡ ਰਾਹੀਂ ਖਰੀਦੇ ਮਾੜੇ ਵੈਂਟੀਲੇਟਰਾਂ ’ਤੇ ਕੇਂਦਰ ਅਤੇ ਸੂਬਾ ਸਰਕਾਰ ਰਾਜਨੀਤੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੈਂਟੀਲੇਟਰਾਂ ਅਤੇ ਹੋਰ ਸਿਹਤ ਸੇਵਾਵਾਂ ਦੀਆਂ ਅਣਹੋਂਦ ਕਰਕੇ ਹੋਈ ਮੌਤਾਂ ਦੇ ਜ਼ਿੰਮੇਵਾਰ ਕੈਪਟਨ ਸਰਕਾਰ ਅਤੇ ਉਸ ਦੇ ਮੰਤਰੀ ਹਨ। ਇਸ ਲਈ ਮੰਤਰੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇ। ‘ਆਪ’ ਆਗੂ ਨੇ ਮੰਗ ਕੀਤੀ ਕਿ ਇਨ੍ਹਾਂ ਵੈਂਟੀਲੇਟਰਾਂ ਨੂੰ ਠੀਕ ਕਰਾਉਣ ਦੀ ਥਾਂ ਸਰਕਾਰ ਨਵੇਂ ਅਤੇ ਚੰਗੀ ਕੁਆਲਿਟੀ ਦੇ ਵੈਂਟੀਲੇਟਰਾਂ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ ਪੀ.ਐਮ ਕੇਅਰ ਫੰਡ ਰਾਹੀਂ ਘਟੀਆ ਵੈਂਟੀਲੇਟਰ ਖਰੀਦੇ ਜਾਣ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ।