ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਕਤੂਬਰ
‘ਆਪ’ ਪੰਜਾਬ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਡੀਏਪੀ ਖਾਦ ਦੀ ਘਾਟ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਖਾਦ ਦੀ ਘਾਟ ਕਾਰਨ ਹਾੜ੍ਹੀ ਦੀਆਂ ਫ਼ਸਲਾਂ ਖ਼ਾਸ ਕਰ ਕੇ ਕਣਕ ਦੀ ਬਿਜਾਈ ’ਤੇ ਮਾੜਾ ਅਸਰ ਪਵੇਗਾ। ਇਸ ਕਾਰਨ ਸੂਬੇ ਅਤੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ। ਸ੍ਰੀ ਸੰਧਵਾਂ ਨੇ ਦੋੋਸ਼ ਲਾਇਆ ਕਿ ਖਾਦ ਦੀ ਘਾਟ ਕਾਰਨ ਕਾਲਾਬਾਜ਼ਾਰੀ ਵਧ ਗਈ ਹੈ ਤੇ ਕਿਸਾਨਾਂ ਦੀ ਆਰਥਿਕ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਲਈ 5.5 ਲੱਖ ਟਨ ਡੀਏਪੀ ਦੀ ਲੋੜ ਹੈ। ਡੀਏਪੀ ਖਾਦ ਦੀ ਸਮੇਂ ਸਿਰ ਸਪਲਾਈ ਨਾ ਦੇ ਕੇ ਕੇਂਦਰ ਸਰਕਾਰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਕਿੜ੍ਹ ਕੱਢ ਰਹੀ ਹੈ, ਉੱਥੇ ਪੰਜਾਬ ਸਰਕਾਰ ਦੀ ਨਾਲਾਇਕੀ ਵੀ ਬੇਪਰਦ ਹੋਈ ਹੈ ਜਿਸ ਨੇ ਡੀਏਪੀ ਦੀ ਪੂਰਤੀ ਲਈ ਕੇਂਦਰ ਨਾਲ ਸਮੇਂ ਸਿਰ ਤਾਲਮੇਲ ਨਹੀਂ ਕੀਤਾ।