ਸੁਖਦੇਵ ਸਿੰਘ
ਅਜਨਾਲਾ, 2 ਅਪਰੈਲ
ਪਸ਼ੂ ਪਾਲਣ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਆਪਣੇ ਦਫਤਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਆਖਿਆ ਕਿ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹਰ ਤਰ੍ਹਾਂ ਦੀ ਲੜਾਈ ਲੜਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਮਸਲੇ ਸਬੰਧੀ ਸਰਕਾਰ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਤੱਕ ਪਹੁੰਚ ਕਰੇਗੀ। ਲੋੜ ਪੈਣ ’ਤੇ ਸਰਕਾਰ ਸੁਪਰੀਮ ਕੋਰਟ ਜਾਣ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸੱਤਾ ’ਤੇ ਕਾਬਜ਼ ਭਾਜਪਾ ਹਮੇਸ਼ਾਂ ਹੀ ਗੈਰ ਭਾਜਪਾ ਸਰਕਾਰਾਂ ਵਾਲੇ ਸੂਬਿਆਂ ਦੇ ਅਧਿਕਾਰ ਖ਼ਤਮ ਕਰ ਕੇ ਆਪਣੇ ਅਧੀਨ ਲੈਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਥੋੜ੍ਹੇ ਸਮੇਂ ਦੌਰਾਨ ਬੇਰੁਜ਼ਗਾਰੀ ਦੂਰ ਕਰਨ ਲਈ ਨਵੀਆਂ ਅਸਾਮੀਆਂ ਭਰਨ, ਭ੍ਰਿਸ਼ਟਾਚਾਰ ਖ਼ਤਮ ਕਰਨ ਅਤੇ ਸੂਬੇ ਦੇ ਹਿੱਤਾਂ ਲਈ ਡਟ ਕੇ ਪਹਿਰਾ ਦੇਣ ਦੇ ਲਏ ਗਏ ਫ਼ੈਸਲਿਆ ਨਾਲ ਪੰਜਾਬ ਵਿੱਚ ਦੁਬਾਰਾ ਖ਼ੁਸ਼ਹਾਲੀ ਆਉਣ ਦੀ ਆਸ ਬੱਝੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਧਾਇਕਾਂ ਨੂੰ ਖੁਸ਼ੀ-ਗਮੀ ਦੇ ਪ੍ਰੋਗਰਾਮ ’ਤੇ ਬੁਲਾਉਣ ਦੀ ਜਗ੍ਹਾ ਆਪਣੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਬੁਲਾਉਣ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਐਡਵੋਕੇਟ ਰਜੀਵ ਮਦਾਨ, ਜਸਪਿੰਦਰ ਸਿੰਘ ਛੀਨਾ, ਗਗਨਦੀਪ ਸਿੰਘ ਛੀਨਾ, ਗੁਰਜੰਟ ਸਿੰਘ ਵੀ ਹਾਜ਼ਰ ਸਨ।