ਚਰਨਜੀਤ ਭੁੱਲਰ
ਚੰਡੀਗੜ੍ਹ, 20 ਸਤੰਬਰ
ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੀ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲੈਂਦਿਆਂ ਸੂਬੇ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਫ਼ਸਲ ਦਾ ਇੱਕ-ਇੱਕ ਦਾਣਾ ਚੁੱਕਿਆ ਜਾਵੇਗਾ। ਉਨ੍ਹਾਂ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਵੀ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਐਤਕੀਂ ਪਹਿਲੀ ਅਕਤੂਬਰ ਤੋਂ ਅੰਤਰਰਾਜੀ ਸਰਹੱਦਾਂ ’ਤੇ ਪੁਲੀਸ ਨਾਕੇ ਲੱਗਣਗੇ। ਪੰਜਾਬ ਸਰਕਾਰ ਵੱਲੋਂ ਐਤਕੀਂ 184 ਲੱਖ ਮੀਟਰਿਕ ਟਨ ਝੋਨਾ ਖ਼ਰੀਦ ਕੀਤੇ ਜਾਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਲਈ ਪੰਜਾਬ ਸਰਕਾਰ ਨੇ ਆਰ.ਬੀ.ਆਈ ਨੂੰ 43,500 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਜਾਰੀ ਕੀਤੇ ਜਾਣ ਦੀ ਅਪੀਲ ਵੀ ਕੀਤੀ ਹੈ। ਮੁੱਖ ਮੰਤਰੀ ਨੇ ਪਹਿਲੇ ਦਿਨ ਤੋਂ ਹੀ ਝੋਨੇ ਦੀ ਖ਼ਰੀਦ, ਲਿਫ਼ਟਿੰਗ ਅਤੇ ਕਿਸਾਨਾਂ ਨੂੰ ਵੇਚੀ ਗਈ ਫ਼ਸਲ ਦੀ ਅਦਾਇਗੀ ਕਰਨ ਦੇ ਹੁਕਮ ਦਿੱਤੇ ਹਨ ਅਤੇ ਖ਼ਰੀਦ ਏਜੰਸੀਆਂ ਨੂੰ ਖ਼ਰੀਦ ਲਈ ਮੁਸਤੈਦ ਰਹਿਣ ਲਈ ਆਖਿਆ ਹੈ। ਸੂਬੇ ਵਿਚ ਜ਼ਮੀਨ ਦਾ ਰਿਕਾਰਡ ਅਨਾਜ ਖ਼ਰੀਦ ਪੋਰਟਲ ਨਾਲ ਜੋੜ ਦਿੱਤਾ ਗਿਆ ਹੈ। ਪੰਜਾਬ ਮੰਡੀ ਬੋਰਡ ਵੱਲੋਂ ਈ-ਗਿਰਦਾਵਰੀ ਦਾ ਡਾਟਾ ਵੀ ਜੋੜਿਆ ਜਾ ਰਿਹਾ, ਜੋ 30 ਸਤੰਬਰ, 2022 ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਮੁੱਖ ਮੰਤਰੀ ਨੇ ਟਰਾਂਸਪੋਰਟਰਾਂ, ਆੜ੍ਹਤੀਆਂ, ਮਾਰਕੀਟ ਕਮੇਟੀਆਂ ਅਤੇ ਮਿੱਲਰਾਂ ਦੇ ਜੀ.ਪੀ.ਐੱਸ. ਸੁਮੇਲ ਵਾਲੇ ਡਿਜੀਟਲ ਗੇਟ ਪਾਸ ਬਣਾਉਣ ਦੇ ਵੀ ਹੁਕਮ ਦਿੱਤੇ। ਉਨ੍ਹਾਂ ਨੇ ਡੀ.ਜੀ.ਪੀ. ਨੂੰ ਸੂਬਾ ਭਰ ਵਿਚ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿਚ ਪੁਲੀਸ ਨਾਕੇ ਲਾਉਣ ਲਈ ਆਖਿਆ। ਮੰਡੀ ਬੋਰਡ ਨੇ ਸੂਬਾ ਭਰ ਵਿਚ 1804 ਖ਼ਰੀਦ ਕੇਂਦਰ ਨੋਟੀਫਾਈ ਕੀਤੇ ਹਨ। ਕਿਸੇ ਵੀ ਚੌਲ ਮਿੱਲ ਵਿਚ ਆਰਜ਼ੀ ਖ਼ਰੀਦ ਕੇਂਦਰ ਸਥਾਪਿਤ ਨਾ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਨਵੇਂ ਬੋਲੀਕਾਰਾਂ ਨੂੰ ਮੌਕੇ ਦੇਣ ਲਈ ਤਰਪਾਲਾਂ ਦੀ ਖ਼ਰੀਦ ਲਈ ਟੈਂਡਰਾਂ ਵਿਚ ਅਜਾਰੇਦਾਰੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਜਿਸ ਨਾਲ ਕੀਮਤ ਵਿਚ 15 ਫ਼ੀਸਦੀ ਤੋਂ ਵੱਧ ਦੀ ਕਮੀ ਆਈ ਹੈ। ਮੰਤਰੀ ਮੰਡਲ ਵੱਲੋਂ ਮਨਜ਼ੂਰ ਕੀਤੀ ਪੰਜਾਬ ਕਸਟਮ ਮਿਲਿੰਗ ਪਾਲਿਸੀ-2022-23 ਦੇ ਤਹਿਤ ਸਾਰੀਆਂ ਚੌਲ ਮਿੱਲਾਂ ਵਿਚ ਮਿੱਲਾਂ ਦੀ ਈ-ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ, ਜਿਸ ਤਹਿਤ ਹੁਣ ਤੱਕ 3854 ਮਿੱਲਾਂ ਦੀ ਆਨਲਾਈਨ ਤਸਦੀਕ ਕੀਤੀ ਜਾ ਚੁੱਕੀ ਹੈ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਪਹਿਲੀ ਵਾਰ ਘੱਟੋ-ਘੱਟ ਦੂਰੀ ਦੇ ਸਿਧਾਂਤ ਦੇ ਆਧਾਰ ਉੱਤੇ ਆਟੋਮੈਟਿਕ ਸਾਫ਼ਟਵੇਅਰ ਰਾਹੀਂ ਚੌਲ ਮਿੱਲਾਂ ਨੂੰ ਮੰਡੀਆਂ ਨਾਲ ਜੋੜਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਪੀ.ਐਸ.ਪੀ.ਐਸ.ਐਲ. ਦੇ ਪੋਰਟਲ ਨਾਲ ਜੋੜੇ ਗਏ ਅਨਾਜ ਖ਼ਰੀਦ ਪੋਰਟਲ ਦੇ ਮੁਤਾਬਿਕ ਹਰੇਕ ਮਿੱਲ ਵਿਚ ਬਿਜਲੀ ਦੀ ਖਪਤ ਦੀ ਸਖ਼ਤ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ ਹਨ।