ਚਰਨਜੀਤ ਭੁੱਲਰ
ਚੰਡੀਗੜ੍ਹ, 30 ਜੂਨ
ਪੰਜਾਬ ਵਿੱਚ ਸਕੂਲ-ਕਾਲਜ ਤੇ ਕੋਚਿੰਗ ਸੈਂਟਰਾਂ ਸਮੇਤ ਸਾਰੇ ਵਿੱਦਿਅਕ ਅਦਾਰੇ ਹੁਣ 31 ਜੁਲਾਈ ਤੱਕ ਬੰਦ ਰਹਿਣਗੇ ਜਦੋਂ ਕਿ ਸਰਕਾਰੀ ਦਫ਼ਤਰ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਗਏ ਹਨ। ਸਰਕਾਰੀ ਦਫ਼ਤਰਾਂ ਵਿਚ ਮੁਲਾਜ਼ਮ ਤੇ ਅਧਿਕਾਰੀ ਪੂਰੀ ਗਿਣਤੀ ਵਿਚ ਡਿਊਟੀ ਨਿਭਾਉਣਗੇ। ਪੰਜਾਬ ਸਰਕਾਰ ਨੇ ਕੇਂਦਰੀ ਲੀਹਾਂ ’ਤੇ ਅੱਜ ਅਨਲੌਕ-2 ਲਈ ਪੜਾਅਵਾਰ ਛੋਟਾਂ ਦੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਵਿਚ ਕੁਝ ਖੁੱਲ੍ਹਾਂ ਦਿੱਤੀਆਂ ਹਨ।
ਨਵੇਂ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿਚ ਆਨਲਾਈਨ ਅਤੇ ਡਿਸਟੈਂਸ ਲਰਨਿੰਗ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਜਦੋਂ ਕਿ ਇਹ ਅਦਾਰੇ 31 ਜੁਲਾਈ ਤੱਕ ਬੰਦ ਰਹਿਣਗੇ। ਕੇਂਦਰੀ ਅਤੇ ਰਾਜ ਸਰਕਾਰਾਂ ਦੇ ਸਿਖਲਾਈ ਪ੍ਰੋਗਰਾਮ 15 ਜੁਲਾਈ ਤੋਂ ਬੰਦਿਸ਼ਾਂ ਸਮੇਤ ਖੋਲ੍ਹੇ ਜਾ ਰਹੇ ਹਨ। ਰੈਸਟੋਰੈਂਟਾਂ ਨੂੰ ਪੰਜਾਹ ਫੀਸਦੀ ਸਮਰੱਥਾ ’ਤੇ ਰਾਤ ਦੇ 9 ਵਜੇ ਤੱਕ ਖੋਲ੍ਹੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਿਸ ’ਚ ਇੱਕ ਘੰਟੇ ਦਾ ਵਾਧਾ ਕੀਤਾ ਗਿਆ ਹੈ। ਕੰਟੇਨਮੈਂਟ ਜ਼ੋਨਾਂ ਵਿਚ ਲੌਕਡਾਊਨ 31 ਜੁਲਾਈ ਤੱਕ ਜਾਰੀ ਰਹੇਗਾ ਅਤੇ ਸਿਨੇਮਾ ਹਾਲ, ਜਿਮ, ਸਮਾਜਿਕ, ਸਿਆਸੀ ਤੇ ਧਾਰਮਿਕ ਇਕੱਠਾਂ ’ਤੇ ਹਾਲੇ ਰੋਕ ਰਹੇਗੀ। ਘਰੇਲੂ ਉਡਾਣਾਂ ਅਤੇ ਮੁਸਾਫ਼ਰ ਰੇਲਗੱਡੀਆਂ ਨੂੰ ਦੂਸਰੇ ਮੁਲਕਾਂ ਅਤੇ ਰਾਜਾਂ ਵਿਚ ਫਸੇ ਯਾਤਰੀਆਂ ਨੂੰ ਲਿਆਉਣ ਵਾਸਤੇ ਖੁੱਲ੍ਹ ਜਾਰੀ ਰੱਖੀ ਗਈ ਹੈ ਜਦੋਂ ਕਿ ਬਾਰ ਅਜੇ ਬੰਦ ਰਹਿਣਗੇ। ਰਾਤ ਦਾ ਕਰਫਿਊ 10 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਜਾਰੀ ਰਹੇਗਾ। ਦੁਕਾਨਾਂ ਖੁੱਲ੍ਹਣ ਦਾ ਸਮਾਂ ਸਵੇਰ 7 ਤੋਂ ਰਾਤ ਦੇ ਅੱਠ ਵਜੇ ਤੱਕ ਦਾ ਰਹੇਗਾ। ਇਸੇ ਤਰ੍ਹਾਂ ਹਫਤਾਵਾਰੀ ਲੌਕਡਾਊਨ ਦੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਨ੍ਹਾਂ ਅਨੁਸਾਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਰਾਤ ਦੇ ਅੱਠ ਵਜੇ ਤੱਕ ਸਾਰੇ ਦਿਨ ਹੀ ਖੁੱਲ੍ਹ ਸਕਣਗੀਆਂ ਅਤੇ ਇਵੇਂ ਹੀ ਰੈਸਟੋਰੈਂਟ ਅਤੇ ਸ਼ਰਾਬ ਦੇ ਠੇਕੇ ਵੀ ਰਾਤ ਦੇ 9 ਵਜੇ ਤੱਕ ਖੁੱਲ੍ਹ ਸਕਣਗੇ। ਆਮ ਦੁਕਾਨਾਂ ਅਤੇ ਸ਼ਾਪਿੰਗ ਮਾਲ ਐਤਵਾਰ ਨੂੰ ਬੰਦ ਰਹਿਣਗੇ।
ਪੰਜਾਬ ਸਰਕਾਰ ਨੇ ਅੰਤਰਰਾਜੀ ਬੱਸ ਸਰਵਿਸ ਅਤੇ ਰਾਜ ਅੰਦਰ ਬੱਸ ਸਰਵਿਸ ਪੂਰੀ ਸਮਰੱਥਾ ’ਤੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੈ। ਆਟੋ ਰਿਕਸ਼ਾ ਅਤੇ ਟੈਕਸੀਆਂ ਵੀ ਹੁਣ ਪੂਰੀਆਂ ਸਵਾਰੀਆਂ ਨਾਲ ਚੱਲ ਸਕਣਗੀਆਂ। ਰਾਜ ਭਰ ਵਿਚ ਵਿਅਕਤੀ ਬਿਨਾਂ ਪਾਸ ਤੋਂ ਮੂਵ ਕਰ ਸਕਣਗੇ ਜਦੋਂ ਅੰਤਰਰਾਜੀ ਮੂਵਮੈਂਟ ਲਈ ‘ਕੋਵਾ’ ਐਪ ਤੋਂ ਸਵੈ-ਜਨਰੇਟਿਵ ਈ-ਪਾਸ ਤਹਿਤ ਪ੍ਰਵਾਨਗੀ ਮਿਲੇਗੀ। ਕੇਂਦਰੀ ਨੇਮਾਂ ਦੇ ਅਧਾਰ ’ਤੇ ਸਰਕਾਰ ਨੇ ਇਹ ਹਦਾਇਤਾਂ ਜਾਰੀ ਕੀਤੀਆਂ ਹਨ।