ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਅਪਰੈਲ
ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਨੇ ਪੰਜਾਬ ਵਾਸੀਆਂ ਨੂੰ ਸੂਬੇ ਵਿਚ ਬਣੇ ਬਿਜਲੀ ਸੰਕਟ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ’ਚ ਵਧਦੀ ਗਰਮੀ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ 40 ਫ਼ੀਸਦੀ ਮੰਗ ਵਧ ਗਈ ਹੈ। ਇਸ ਦੀ ਪੂਰਤੀ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸੰਕਟ ਸਰਕਾਰ ਲਈ ਵੱਡੀ ਚੁਣੌਤੀ ਹੈ ਪਰ ਸਰਕਾਰ ਪੰਜਾਬੀਆਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਦਾ ਯਤਨ ਕਰ ਰਹੀ ਹੈ। ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ 75 ਸਾਲਾਂ ਤੱਕ ਪੰਜਾਬ ਦੀ ਸੱਤਾ ਵਿੱਚ ਰਹੀਆਂ ਸਰਕਾਰਾਂ ਨੇ ਬਿਜਲੀ ਵਿਵਸਥਾ ਖ਼ਰਾਬ ਬਣਾ ਰੱਖੀ ਹੈ। ਬਿਜਲੀ ਪਲਾਂਟਾਂ ਦਾ ਨਵੀਨੀਕਰਨ ਤਕ ਨਹੀਂ ਕੀਤਾ ਗਿਆ। ਇਸੇ ਕਰ ਕੇ 26 ਅਪਰੈਲ ਨੂੰ ਤਕਨੀਕੀ ਨੁਕਸ ਪੈਣ ਕਾਰਨ 800 ਮੈਗਾਵਾਟ ਦੇ ਤਲਵੰਡੀ ਸਾਬੋ ਅਤੇ ਰੋਪੜ ਥਰਮਲ ਪਲਾਂਟ ਬੰਦ ਹੋ ਗਏ ਸਨ। ਸੂਬੇ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਸੂਬੇ ’ਚ ਕਾਬਜ਼ ਸੀ ਪਰ ਉਸ ਸਰਕਾਰ ਨੇ ਗਰਮੀ ਦੇ ਇਸ ਸੀਜਨ ਲਈ ਕੋਈ ਵੀ ਤਿਆਰੀ ਨਹੀਂ ਕੀਤੀ ਜਿਸ ਕਾਰਨ ਹੁਣ ਇਹ ਸਮੱਸਿਆ ਆਈ ਹੈ। ‘ਆਪ’ ਵਿਧਾਇਕਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਤੋਂ ਬਾਅਦ ਰੋਪੜ ਥਰਮਲ ਪਲਾਂਟ ਦੀ ਇਕਾਈ ਸ਼ੁਰੂ ਹੋ ਗਈ ਹੈ। ਤਲਵੰਡੀ ਸਾਬੋ ਵਾਲਾ ਪਲਾਂਟ ਭਲਕ ਸਵੇਰ ਤੱਕ ਸ਼ੁਰੂ ਹੋ ਜਾਵੇਗਾ। ਇਸ ਨਾਲ ਬਿਜਲੀ ਸਪਲਾਈ ਦੀ ਸਥਿਤੀ ਕਾਫ਼ੀ ਹੱਦ ਤੱਕ ਠੀਕ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦੀ ਘਾਟ ਪੂਰੇ ਮੁਲਕ ਵਿਚ ਬਣੀ ਹੋਈ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਕੇਂਦਰ ਸਰਕਾਰ ਜਲਦੀ ਹੀ ਬਿਜਲੀ ਸੰਕਟ ਦਾ ਹੱਲ ਕਰਨ ਲਈ ਢੁੱਕਵੇਂ ਕਦਮ ਚੁੱਕੇਗੀ।