ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 19 ਅਗਸਤ
ਆਖਰਕਾਰ ਪੰਜਾਬ ਸਰਕਾਰ ਨੂੰ ਪਾਵਰਕੌਮ ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਝੁੱਕਣਾ ਪੈ ਗਿਆ। ਪਾਵਰਕੌਮ ਮੈਨੇਜਮੈਂਟ ਨੇ ਠੇਕਾ ਮੁਲਾਜ਼ਮਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਹਨ। ਯੂਨੀਅਨ ਦੇ ਮੋਹਰੀ ਆਗੂਆਂ ਦੀ ਅੱਜ ਪਾਵਰਕੌਮ ਦੇ ਚੇਅਰਮੈਨ ਏ.ਵੈਨੂਪ੍ਰਸ਼ਾਦ ਨਾਲ ਹੋਈ ਮੀਟਿੰਗ ਵਿੱਚ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਗਿਆ। ਕਿਰਤ ਕਮਿਸ਼ਨਰ ਪਰਵੀਨ ਕੁਮਾਰ ਥਿੰਦ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਦਾ ਹਿੱਸਾ ਬਣੇ। ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਮੁਹਾਲੀ ਵਿੱਚ ਕਿਰਤ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਕੇ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਪੁਲੀਸ ਰੋਕਾਂ ਦੇ ਬਾਵਜੂਦ ਠੇਕਾ ਮੁਲਾਜ਼ਮ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਗਏ ਸੀ ਅਤੇ ਦੇਰ ਰਾਤ ਤੱਕ ਧਰਨੇ ’ਤੇ ਡਟੇ ਰਹੇ। ਐੱਸਡੀਐੱਮ ਜਗਦੀਪ ਸਹਿਗਲ ਰਾਤ 11 ਵਜੇ ਜ਼ਿਲ੍ਹਾ ਮੈਜਿਸਟਰੇਟ ਦਾ ਪੱਤਰ ਲੈ ਕੇ ਧਰਨੇ ਵਾਲੀ ਥਾਂ ’ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਅੱਜ ਪਾਵਰਕੌਮ ਦੇ ਚੇਅਰਮੈਨ ਅਤੇ ਦੋ ਸਤੰਬਰ ਨੂੰ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਡੀਸੀ ਦਫ਼ਤਰ ਮੁਹਾਲੀ ਵਿੱਚ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿੱਤਾ। ਇਸ ਮਗਰੋਂ ਠੇਕਾ ਮੁਲਾਜ਼ਮਾਂ ਨੇ ਆਪਣਾ ਧਰਨਾ ਚੁੱਕਿਆ ਸੀ। ਸੂਬਾ ਪ੍ਰਧਾਨ ਬਲਿਹਾਰ ਸਿੰਘ ਅਤੇ ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਅੱਜ ਮੀਟਿੰਗ ਵਿੱਚ ਪਾਵਰਕੌਮ ਚੇਅਰਮੈਨ, ਪ੍ਰਬੰਧਕੀ ਡਾਇਰੈਕਟਰ ਆਰਪੀ ਪਾਂਡਵ, ਉਪ ਸਕੱਤਰ ਬਲਵਿੰਦਰ ਸਿੰਘ ਗੁਰਮ, ਸਹਾਇਕ ਕਿਰਤ ਕਮਿਸ਼ਨਰ ਪਟਿਆਲਾ ਜਗਪ੍ਰੀਤ ਸਿੰਘ, ਕਿਰਤ ਇੰਸਪੈਕਟਰ ਪਟਿਆਲਾ ਹਰਮਨਪ੍ਰੀਤ ਕੌਰ ਹਾਜ਼ਰ ਸਨ, ਜਦੋਂਕਿ ਕਿਰਤ ਕਮਿਸ਼ਨਰ ਪਰਵੀਨ ਕੁਮਾਰ ਥਿੰਦ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਦਾ ਹਿੱਸਾ ਲਿਆ। ਕਰੀਬ ਘੰਟਾ ਚੱਲੀ ਇਸ ਮੀਟਿੰਗ ਵਿੱਚ ਨੌਕਰੀ ਤੋਂ ਕੱਢੇ ਠੇਕਾ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਬਹਾਲ ਕਰਨ, ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਕਰਮਚਾਰੀਆਂ ਦੇ ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਅਤੇ ਵਿਭਾਗ ਵਿੱਚ ਰੈਗੂਲਰ ਕਰਨ ਮੰਗਾਂ ਨੂੰ ਪ੍ਰਵਾਨ ਕੀਤਾ ਗਿਆ। ਚੇਅਰਮੈਨ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਕਰਮਚਾਰੀਆਂ ਨੂੰ ਵੱਖ-ਵੱਖ ਕੰਮਾਂ ਲਈ ਸਿਖਲਾਈ ਦਿੱਤੀ ਜਾਵੇਗੀ ਅਤੇ ਸੁਰੱਖਿਆ ਕਿੱਟਾਂ ਅਤੇ ਹੋਰ ਆਧੁਨਿਕ ਔਜ਼ਾਰ ਮੁਹੱਈਆ ਕਰਵਾਏ ਜਾਣਗੇ। ਇਹ ਸਾਰੀਆਂ ਮੰਗਾਂ ਇਕ ਮਹੀਨੇ ਦੇ ਅੰਦਰ ਅੰਦਰ ਪੂਰੀਆਂ ਕੀਤੀਆਂ ਜਾਣਗੀਆਂ। ਆਗੂਆਂ ਨੇ ਦੱਸਿਆ ਕਿ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ 2 ਸਤੰਬਰ ਨੂੰ ਡੀਸਹੀ ਦਫ਼ਤਰ ਮੁਹਾਲੀ ਵਿੱਚ ਪੈਨਲ ਮੀਟਿੰਗ ਸੱਦੀ ਗਈ ਹੈ।