ਦਵਿੰਦਰ ਪਾਲ/ਚਰਨਜੀਤ ਭੁੱਲਰ
ਚੰਡੀਗੜ੍ਹ, 23 ਦਸੰਬਰ
ਮੁੱਖ ਅੰਸ਼
- ਖੇਤੀ ਵਿਕਾਸ ਬੈਂਕਾਂ ਦੇ ਕਿਸਾਨ ਵੀ ‘ਕਰਜ਼ ਮੁਆਫ਼ੀ ਸਕੀਮ’ ਦੇ ਦਾਇਰੇ ਵਿਚ ਆਉਣਗੇ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਮੁੱਚਾ ਕਰਜ਼ਾ ਮੁਆਫ਼ੀ ਤੋਂ ਪੱਲਾ ਝਾੜਦਿਆਂ ਆਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ‘ਕਰਜ਼ਾ ਮੁਆਫ਼ੀ ਸਕੀਮ’ ਦੇ 1200 ਕਰੋੜ ਰੁਪਏ ਦਾ ਬਕਾਇਆ ਫ਼ੰਡ ਜਾਰੀ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਹੁਣ ਸਿਰਫ਼ ਪੰਜ ਏਕੜ ਤੱਕ ਦੀ ਜ਼ਮੀਨ ਮਾਲਕੀ ਵਾਲੇ ਕਿਸਾਨਾਂ ਨੂੰ ਹੀ ਰਾਹਤ ਦੇਵੇਗੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਅੱਜ 32 ਕਿਸਾਨ ਜਥੇਬੰਦੀਆਂ ਨੇ ਕਰਜ਼ਾ ਮੁਆਫ਼ੀ ਸਮੇਤ 18 ਨੁਕਾਤੀ ਮੰਗਾਂ ਦੇ ਚਾਰਟਰ ਨੂੰ ਲੈ ਕੇ ਮੀਟਿੰਗ ਕੀਤੀ ਜਿਸ ’ਚ ਮੁੱਖ ਕੇਂਦਰ ਬਿੰਦੂ ਕਰਜ਼ਾ ਮੁਆਫ਼ੀ ਦਾ ਰਿਹਾ। ਕਿਸਾਨ ਆਗੂਆਂ ਦੀ ਮੰਗ ਸੀ ਕਿ ਕਾਂਗਰਸ ਚੋਣ ਵਾਅਦੇ ਮੁਤਾਬਕ ਸਮੁੱਚਾ ਕਰਜ਼ਾ ਮੁਆਫ਼ ਕਰੇ ਅਤੇ ਖੇਤੀ ਵਿਕਾਸ ਬੈਂਕਾਂ ਨੂੰ ਵੀ ਕਰਜ਼ ਮੁਆਫ਼ੀ ਸਕੀਮ ਦੇ ਦਾਇਰੇ ਵਿਚ ਲੈ ਕੇ ਆਵੇ। ਕਿਸਾਨ ਜਥੇਬੰਦੀਆਂ ਨੇ ਪਹਿਲਾਂ 17 ਨਵੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਸੀ ਜਿਸ ਵਿਚ ਕਰਜ਼ਾ ਮੁਆਫ਼ੀ ਦਾ ਮੁੱਦਾ ਪੈਂਡਿੰਗ ਰੱਖਿਆ ਗਿਆ ਸੀ। ਮੁੱਖ ਮੰਤਰੀ ਨੇ ਪੰਜ ਏਕੜ ਦੀ ਮਾਲਕੀ ਵਾਲੇ ਕਰਜ਼ ਮੁਆਫ਼ੀ ਤੋਂ ਵਾਂਝੇ ਰਹਿ ਗਏ 1.09 ਲੱਖ ਕਿਸਾਨਾਂ ਨੂੰ 1200 ਕਰੋੜ ਦੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਅੱਜ ਖੇਤੀ ਵਿਕਾਸ ਬੈਂਕਾਂ ਦੇ ਦੋ ਲੱਖ ਰੁਪਏ ਤੱਕ ਦੇ ਕਰਜ਼ਦਾਰ ਪੰਜ ਏਕੜ ਤੱਕ ਦੀ ਜ਼ਮੀਨ ਮਾਲਕੀ ਵਾਲੇ ਕਿਸਾਨਾਂ ਨੂੰ ਵੀ ‘ਕਰਜ਼ ਮੁਆਫ਼ੀ ਸਕੀਮ’ ਦੇ ਦਾਇਰੇ ਵਿਚ ਲਿਆਉਣ ਦਾ ਐਲਾਨ ਕੀਤਾ। ਵੇਰਵਿਆਂ ਅਨੁਸਾਰ ਪੰਜਾਬ ਵਿਚ 89 ਖੇਤੀ ਵਿਕਾਸ ਬੈਂਕਾਂ ਦਾ ਕਰੀਬ 70 ਹਜ਼ਾਰ ਕਿਸਾਨਾਂ ਵੱਲ 3100 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਮੁੱਖ ਮੰਤਰੀ ਦੇ ਫ਼ੈਸਲੇ ਅਨੁਸਾਰ ਇਨ੍ਹਾਂ ਬੈਂਕਾਂ ਤੋਂ 500 ਕਰੋੜ ਰੁਪਏ ਦੀ ਰਾਹਤ ਹੀ ਕਿਸਾਨਾਂ ਨੂੰ ਮਿਲ ਸਕੇਗੀ। ਪੰਜਾਬ ਸਰਕਾਰ ਪਹਿਲਾਂ 5.63 ਲੱਖ ਕਿਸਾਨਾਂ ਦੇ 4610 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਚੁੱਕੀ ਹੈ। ਇਨ੍ਹਾਂ ਵਿਚੋਂ 1.34 ਲੱਖ ਛੋਟੇ ਕਿਸਾਨਾਂ ਨੂੰ 980 ਕਰੋੜ ਰੁਪਏ ਦੀ ਰਾਹਤ ਮਿਲੀ ਹੈ। ਮੁੱਖ ਮੰਤਰੀ ਨੇ ਅੱਜ ਅਧੂਰਾ ਐਲਾਨ ਕਰਕੇ ਕਿਸਾਨ ਆਗੂਆਂ ਤੋਂ ਆਪਣਾ ਪੱਲਾ ਛੁਡਾਉਣ ਤੋਂ ਕੋਸ਼ਿਸ਼ ਕੀਤੀ ਜਿਸ ਕਰਕੇ ਕਿਸਾਨ ਆਗੂ ਨਾਖ਼ੁਸ਼ ਵੀ ਨਜ਼ਰ ਆਏ। ਉਂਜ, ਮੁੱਖ ਮੰਤਰੀ ਨੇ ਬਾਕੀ ਕਿਸਾਨ ਮੰਗਾਂ ਨੂੰ ਫ਼ੌਰੀ ਮੰਨਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਭਲਕੇ 24 ਦਸੰਬਰ ਨੂੰ 32 ਕਿਸਾਨ ਧਿਰਾਂ ਦੀ ਮੀਟਿੰਗ ਮੁੱਲਾਂਪੁਰ ’ਚ ਹੋਵੇਗੀ ਜਿਸ ’ਚ ਸਰਕਾਰ ਦੇ ਫ਼ੈਸਲਿਆਂ ਦਾ ਮੁਲਾਂਕਣ ਕੀਤਾ ਜਾਵੇਗਾ। ਬੀਕੇਯੂ (ਡਕੌਂਦਾ) ਦੇ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨੀ ਸਿਰ 1.40 ਲੱਖ ਕਰੋੜ ਦਾ ਕਰਜ਼ ਹੈ ਪ੍ਰੰਤੂ ਮੁੱਖ ਮੰਤਰੀ ਨੇ ਸਿਰਫ਼ ਬਕਾਇਆ ਰਾਸ਼ੀ ਦੇ 1200 ਕਰੋੜ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਘੋਲ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੀ 5 ਏਕੜ ਜ਼ਮੀਨ ਵਿਚ ਅਤਿ-ਆਧੁਨਿਕ ਯਾਦਗਾਰ ਬਣਾਉਣ ਦਾ ਐਲਾਨ ਵੀ ਕੀਤਾ ਹੈ। ਯਾਦਗਾਰ ਦੀ ਜਗ੍ਹਾ ਬਾਰੇ ਕਿਸਾਨ ਧਿਰਾਂ ਵੱਲੋਂ ਭਲਕੇ ਫ਼ੈਸਲਾ ਲਿਆ ਜਾਵੇਗਾ।
ਇਸੇ ਤਰ੍ਹਾਂ ਮੁੱਖ ਮੰਤਰੀ ਨੇ ਸੂਬੇ ਅੰਦਰ ਕਿਸਾਨ ਘੋਲ ਦੌਰਾਨ ਪੰਜਾਬ ਪੁਲੀਸ ਵੱਲੋਂ ਕਿਸਾਨਾਂ ਖ਼ਿਲਾਫ ਦਰਜ ਕੀਤੇ ਸਾਰੇ ਕੇਸ 31 ਦਸੰਬਰ ਤੱਕ ਰੱਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਡੀਜੀਪੀ ਨੂੰ ਤੁਰੰਤ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨ ਘੋਲ ਦੌਰਾਨ ਅਤੇ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਦਰਜ ਕੇਸ ਰੱਦ ਕਰਨ ਲਈ ਰਸਮੀ ਪ੍ਰਕਿਰਿਆ ਫ਼ੌਰੀ ਸ਼ੁਰੂ ਕੀਤੀ ਜਾ ਸਕੇ। ਇਸ ਮੌਕੇ ਮੁੱਖ ਮੰਤਰੀ ਨੇ ਸ਼ਹੀਦ ਕਿਸਾਨਾਂ ਦੇ 17 ਵਾਰਸਾਂ ਨੂੰ ਤਰਸ ਦੇ ਆਧਾਰ ’ਤੇ ਨਿਯੁਕਤੀ ਪੱਤਰ ਵੀ ਸੌਂਪੇ। ਕਿਸਾਨ ਆਗੂਆਂ ਨੇ ਮੰਗ ਰੱਖੀ ਕਿ ਜਿੱਥੇ ਕਿਤੇ ਯੋਗਤਾ ਅੜਿੱਕਾ ਹੈ ਤਾਂ ਸ਼ਹੀਦਾਂ ਦੇ ਪੋਤੇ-ਪੋਤੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨਾਂ ਨੇ ਮੁੱਖ ਮੰਤਰੀ ਕੋਲ ਗੰਨੇ ਦੀ ਅਦਾਇਗੀ, ਸੜਕੀ ਪ੍ਰੋਜੈਕਟਾਂ ਵਾਸਤੇ ਐਕੁਆਇਰ ਜ਼ਮੀਨਾਂ ਦੇ ਮੁਆਵਜ਼ੇ ਦਾ ਮਾਮਲਾ, ਯੂਰੀਆ ਖਾਦ, ਸਰਕਾਰੀ ਜਾਇਦਾਦਾਂ ’ਤੇ ਕਾਬਜ਼ ਕਿਸਾਨਾਂ ਨੂੰ ਮਾਲਕੀ ਦੇ ਹੱਕ ਦੇਣ ਵਰਗੇ ਮੁੱਦੇ ਵੀ ਰੱਖੇ।
ਉਗਰਾਹਾਂ ਧੜੇ ਵੱਲੋਂ ਧਰਨੇ ਅਜੇ ਜਾਰੀ ਰੱਖਣ ਦਾ ਐਲਾਨ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਬੀਕੇਯੂ (ਉਗਰਾਹਾਂ) ਦੇ ਨੌਂ ਮੈਂਬਰੀ ਵਫ਼ਦ ਨੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਵੱਖਰੀ ਮੀਟਿੰਗ ਕੀਤੀ ਜਿਸ ਵਿਚ ਆਗੂਆਂ ਨੇ ਛੇ ਮੰਗਾਂ ’ਚੋਂ ਪੰਜ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਬਕਾਇਆ ਮੰਗਾਂ ’ਤੇ ਵਿਚਾਰ ਲਈ ਮੁੜ 30 ਦਸੰਬਰ ਨੂੰ ਮੀਟਿੰਗ ਸੱਦੀ ਗਈ ਹੈ। ਉਨ੍ਹਾਂ ਦੱਸਿਆ ਕਿ 15 ਜ਼ਿਲ੍ਹਿਆਂ ਵਿਚ ਚੱਲ ਰਹੇ ਧਰਨੇ ਅਜੇ ਜਾਰੀ ਰਹਿਣਗੇ।