ਚੰਡੀਗੜ੍ਹ (ਟਨਸ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੀ ਆਜ਼ਾਦਾਨਾ ਕਮਾਨ ਨੂੰ ਪੰਜਾਬ ਲਈ ਸ਼ੁਭ ਸ਼ਗਨ ਦੱਸਿਆ ਹੈ| ਜਾਖੜ ਨੇ ਅੱਜ ਟਵੀਟ ਕਰਕੇ ਭਗਵੰਤ ਮਾਨ ਦੀ ਤਾਰੀਫ਼ ਕੀਤੀ ਹੈ ਪਰ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਟੇਢੇ ਤਰੀਕੇ ਨਾਲ ਨਿਸ਼ਾਨੇ ’ਤੇ ਲਿਆ ਹੈ| ਸ੍ਰੀ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਦੇ ਹੱਥ ਕਮਾਨ ਹੋਣੀ ਚੰਗੀ ਸ਼ੁਰੂਆਤ ਹੈ ਅਤੇ ਇਹ ਪੰਜਾਬ ਲਈ ਵੀ ਬਿਹਤਰ ਹੋਵੇਗਾ ਕਿ ਜਿਨ੍ਹਾਂ ਲੋਕਾਂ ਨੇ ‘ਆਪ’ ਨੂੰ ਜਿਤਾਇਆ ਹੈ, ਉਹੀ ਲੋਕ ਹੀ ਪੰਜਾਬ ਲਈ ਫ਼ੈਸਲੇ ਲੈਣਗੇ। ਸ੍ਰੀ ਜਾਖੜ ਨੇ ਕਿਹਾ ਕਿ ਚੰਗਾ ਹੈ ਕਿ ਭਗਵੰਤ ਮਾਨ ਨੂੰ ਬਤੌਰ ਮੁੱਖ ਮੰਤਰੀ ਖ਼ੁਦਮੁਖ਼ਤਿਆਰੀ ਮਿਲ ਗਈ ਹੈ ਤੇ ਇਸ ਨਾਲ ਪੰਜਾਬ ਦੀ ਬਿਹਤਰੀ ਦੀ ਆਸ ਵੀ ਕੀਤੀ ਜਾ ਸਕਦੀ ਹੈ।