ਆਤਿਸ਼ ਗੁਪਤਾ/ਦੇਵੇਂਦਰ
ਚੰਡੀਗੜ੍ਹ/ਯਮੁਨਾਨਗਰ, 20 ਜੁਲਾਈ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਮਜ਼ਬੂਤੀ ਲਈ ਪੰਜਾਬ ਅਤੇ ਹਰਿਆਣਾ ਤੋਂ ਕਿਸਾਨਾਂ ਦੇ ਵੱਡੇ-ਵੱਡੇ ਕਾਫ਼ਲੇ ਰੋਜ਼ ਦਿੱਲੀ ਦੀ ਬਰੂਹਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਮਜ਼ਬੂਤੀ ਲਈ ਪਹੁੰਚ ਰਹੇ ਹਨ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਕਾਫ਼ਲਾ ਯਮੁਨਾਨਗਰ ਤੋਂ ਸ਼ੁਰੂ ਹੋ ਕੇ ਕਰਨਾਲ, ਪਾਣੀਪਤ ਅਤੇ ਸੋਨੀਪਤ ਤੋਂ ਹੁੰਦਾ ਹੋਇਆ ਦਿੱਲੀ ਪਹੁੰਚਿਆ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਉਨ੍ਹਾਂ ਨੂੰ ਇਕ ਹਫ਼ਤੇ ਲਈ ਮੁਅੱਤਲ ਕੀਤਾ ਹੈ ਜੇਕਰ ਉਹ ਆਪਣਾ ਫ਼ੈਸਲਾ ਅੱਗੇ ਵੀ ਜਾਰੀ ਰੱਖਣਾ ਚਾਹੁਣ ਤਾਂ ਰੱਖ ਸਕਦੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਦੇਸ਼ ਦੀ ਰਾਜਨੀਤੀ ਸਬੰਧੀ ਦਿੱਤੀ ਗਿਆ ਬਿਆਨ ਬਦਲਣ ਵਾਲਾ ਨਹੀਂ ਹੈ। ਸ੍ਰੀ ਚੜੂਨੀ ਨੇ ਕਿਹਾ ਕਿ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਦੇਸ਼ ਵਿੱਚੋਂ ਗੰਦੀ ਰਾਜਨੀਤੀ ਕਰਨ ਵਾਲਿਆਂ ਨੂੰ ਬਦਲਣ ਲੀ ਲੋੜ ਹੈ। ਅੱਜ ਦੇਸ਼ ਵਿੱਚ ਕਾਰਪੋਰੇਟ ਪੱਖੀ ਸਰਕਾਰ ਲੋਕ ਵਿਰੋਧੀ ਫ਼ੈਸਲੇ ਲੈਣ ਲੱਗੀ ਹੋਈ ਹੈ। ਜਿਸ ਨੂੰ ਬਦਲਣ ਲਈ ਦੇਸ਼ ਦੀ ਰਾਜਨੀਤੀ ’ਚ ਚੰਗੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ।
ਸ੍ਰੀ ਚੜੂਨੀ ਨੇ ਕਿਹਾ ਕਿ ਅੱਜ ਸਮਾਂ ਹੈ ਕਿ ਦੇਸ਼ ਦੀ ਅਗਵਾਈ ਅੰਨਦਾਤਾ ਕਰੇ ਤਾਂ ਹੀ ਦੇਸ਼ ਬਚ ਸਕਦਾ ਹੈ ਨਹੀਂ ਤਾਂ ਭਾਜਪਾ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚ ਦੇਵੇਗੀ। ਉਨ੍ਹਾਂ ਕਿਹਾ ਕਿ ਗੰਦੀ ਰਾਜਨੀਤੀ ਨੂੰ ਖ਼ਤਮ ਕਰਨ ਲਈ ਕਿਸਾਨਾਂ ਨੂੰ ਹੀ ਅੱਗੇ ਆਉਣਾ ਪਵੇਗਾ। ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਕਰਕੇ ਫ਼ਸਲਾਂ ਨੂੰ ਐੱਮਐੱਸਪੀ ’ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਨਹੀਂ ਲਿਆਂਦਾ ਜਾਵੇਗਾ, ਅੰਦੋਲਨ ਜਾਰੀ ਰਹੇਗਾ।