ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਜਨਵਰੀ
ਪੰਜਾਬ ਦੇ ਭਵਿੱਖ ਦੀਆਂ ਚੁਣੌਤੀਆਂ ਤੇ ਉਨ੍ਹਾਂ ਦੇ ਹੱਲ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੇਵਾ ਮੁਕਤ ਅਧਿਕਾਰੀਆਂ, ਬੁੱਧੀਜੀਵੀਆਂ, ਪੁਲੀਸ ਅਫ਼ਸਰ, ਫੌਜ ਨਾਲ ਜੁੜੇ ਮਾਹਿਰਾਂ ਵੱਲੋਂ ਬਣਾਏ ਗਏ ‘ਸਾਂਝਾ-ਸੁਨਹਿਰਾ ਪੰਜਾਬ ਮੰਚ’ ਨੇ ਅੱਜ ਪੰਜਾਬ ਦੀ ਸਿਆਸਤ ’ਚ ਪੈਰ ਰੱਖਦਿਆਂ ਚੰਡੀਗੜ੍ਹ ਵਿੱਚ ‘ਸੁਨਹਿਰਾ ਪੰਜਾਬ ਪਾਰਟੀ’ ਬਣਾਉਣ ਦਾ ਐਲਾਨ ਕੀਤਾ ਹੈ। ਇਹ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਨਾ ਲੈਂਦੇ ਹੋਏ ਸੂਬੇ ਦੇ ਚੰਗੇ ਉਮੀਦਵਾਰਾਂ ਦੀ ਹਮਾਇਤ ਕਰੇਗੀ। ਇਸ ਗੱਲ ਦਾ ਪ੍ਰਗਟਾਵਾ ਪਾਰਟੀ ਦੇ ਪ੍ਰਧਾਨ ਕੇਸੀ ਸਿੰਘ ਨੇ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਵੱਲੋਂ ਸੁਨਹਿਰੇ ਪੰਜਾਬ ਦੇ ਵੱਡੇ-ਵੱਡੇ ਸੁਫ਼ਨੇ ਦਿਖਾਏ ਜਾ ਰਹੇ ਹਨ, ਪਰ ਉਹ ਪਾਰਟੀਆਂ ਪੰਜਾਬ ਦੀਆਂ ਅਸਲ ਸਮੱਸਿਆਵਾਂ ਅਤੇ ਭਵਿੱਖ ਦੀ ਰਣਨੀਤੀ ਬਾਰੇ ਕੋਈ ਗੱਲ ਨਹੀਂ ਕਰਦੀਆਂ। ਵਿਧਾਨ ਸਭਾ ਚੋਣਾਂ ’ਚ ਇਕ-ਦੂਜੇ ’ਤੇ ਦੂਸ਼ਣਬਾਜ਼ੀ ਦੀ ਥਾਂ ਮੁੱਦਿਆਂ ’ਤੇ ਰਾਜਨੀਤੀ ਕਰਨ ਦੀ ਲੋੜ ਹੈ। ਸੇਵਾਮੁਕਤ ਆਈਐੱਫਐੱਸ ਅਧਿਕਾਰੀ ਕੇਸੀ ਸਿੰਘ ਨੇ ਕਿਹਾ ਕਿ ਪੰਜਾਬ ਵਿੱਚੋਂ ਮਾਫ਼ੀਆ ਰਾਜ ਖਤਮ ਕਰਨ ਲਈ ਪੁਲੀਸ, ਆਬਕਾਰੀ, ਰੈਵੇਨਿਊ ਵਿਭਾਗ ’ਚ ਢਾਂਚਾਗਤ ਤਬਦੀਲੀ ਦੀ ਲੋੜ ਹੈ। ਇਸ ਲਈ ਇਕ ਕਮਿਸ਼ਨ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਖੇਤੀ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਲਈ ਵਧੀਆ ਪਾਲਸੀ ਤਿਆਰ ਕੀਤੀ ਜਾਵੇ। ਕੇਸੀ ਸਿੰਘ ਨੇ ਕਿਹਾ ਕਿ ਸੁਨਹਿਰਾ ਪੰਜਾਬ ਪਾਰਟੀ ਪੰਜਾਬ ਦੀ ਸਿਆਸਤ ’ਚ ਹਿੱਸਾ ਲੈ ਕੇ ਵੋਟਾਂ ਨੂੰ ਵੰਡਣ ਦੀ ਥਾਂ ਸੰਯੁਕਤ ਸਮਾਜ ਮੋਰਚਾ ਦੇ ਚੰਗੇ ਉਮੀਦਵਾਰਾਂ ਦੀ ਹਮਾਇਤ ਕਰੇਗੀ।
ਕਿਸਾਨ ਅੰਦੋਲਨ ਵਿੱਚ ਇਕ ਸਾਲ ਤੋਂ ਵੱਧ ਸਮਾਂ ਸੇਵਾ ਕਰਨ ਵਾਲੇ ਡਾ. ਸਵੈਮਾਨ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਰਵਾਇਤੀ ਪਾਰਟੀਆਂ ਨੇ ਪਿਛਲੇ ਲੰਮੇ ਸਮੇਂ ਤੋਂ ਲੁੱਟਿਆ ਹੈ। ਇਸ ਲਈ ਪੰਜਾਬ ਨੂੰ ਬਚਾਉਣ ਲਈ ਰਵਾਇਤੀ ਪਾਰਟੀਆਂ ਦੀ ਥਾਂ ਖੇਤਰੀ ਪਾਰਟੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਤੇ ਕਾਬਜ਼ ‘ਆਪ’ ਦੀ ਸਰਕਾਰ ਪੰਜਾਬ ਦੇ ਪਾਣੀ ਦੀ ਵਰਤੋਂ ਕਰਨ ਲੱਗੀ ਹੋਈ ਹੈ। ਇਸ ਲਈ 3500 ਕਰੋੜ ਰੁਪਏ ਤੋਂ ਵੱਧ ਦਿੱਲੀ ਸਰਕਾਰ ਵੱਲ ਬਕਾਇਆ ਖੜ੍ਹਾ ਹੈ, ਪਰ ਉਹ ਗੱਲ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਪੰਜਾਬ ਦੇ ਪਾਣੀਆਂ ਬਾਰੇ ਆਪਣੀ ਸਥਿਤੀ ਸਪੱਸ਼ਟ ਕਰੇ। ਉਨ੍ਹਾਂ ਸਾਰਿਆਂ ਨੂੰ ਕਿਸਾਨ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਚੰਗੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਯਾਦਵਿੰਦਰ ਸਿੰਘ, ਅਮਿਤ ਨਾਰੰਗ, ਰਣਜੀਤ ਪਵਾਰ, ਜੀਐੱਸ ਕੰਗ, ਗੁਰਬੀਰ ਸਿੰਘ ਸੰਧੂ, ਰਮਨਦੀਪ ਕੌਰ ਵਿਕਰਮ ਬਾਜਵਾ ਤੇ ਰੂਸੀ ਕੋਹਲੀ ਹਾਜ਼ਰ ਰਹੇ।