ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 21 ਅਕਤੂਬਰ
ਕਸਟਮ ਵਿਭਾਗ ਨੇ ਦੁਬਈ ਤੋਂ ਆਈ ਇਕ ਹਵਾਈ ਉਡਾਣ ਰਾਹੀਂ ਇਥੇ ਪੁੱਜੇ ਇਕ ਯਾਤਰੀ ਕੋਲੋਂ ਲਗਪਗ 21 ਲੱਖ ਰੁਪਏ ਮੁੱਲ ਦਾ 411 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਇਸ ਸੋਨੇ ਨੂੰ ਯਾਤਰੀ ਨੇ ਲੁਕਾਇਆ ਹੋਇਆ ਸੀ। ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਸਪਾਈਸ ਜੈੱਟ ਹਵਾਈ ਕੰਪਨੀ ਦੀ ਇਕ ਉਡਾਣ ਦੁਬਈ ਤੋਂ ਅੰਮ੍ਰਿਤਸਰ ਆਈ ਸੀ। ਇਸ ਹਵਾਈ ਉਡਾਣ ਰਾਹੀਂ ਇੱਥੇ ਪੁੱਜੇ ਇਕ ਯਾਤਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਸ ਕੋਲੋਂ ਇਹ ਸੋਨਾ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਸੋਨਾ ਪੇਸਟ ਦੇ ਰੂਪ ਵਿੱਚ ਸੀ ਤੇ ਇਸ ਦਾ ਵਜ਼ਨ 497 ਗ੍ਰਾਮ ਸੀ। ਇਹ ਦੋ ਛੋਟੇ ਪੈਕੇਟਾਂ ਦੇ ਰੂਪ ਵਿੱਚ ਸੀ, ਜਿਸ ਨੂੰ ਯਾਤਰੀ ਨੇ ਆਪਣੀ ਗੁਦਾ ਵਿੱਚ ਲੁਕਾਇਆ ਹੋਇਆ ਸੀ। ਕਸਟਮ ਵਿਭਾਗ ਨੇ ਇਹ ਸੋਨਾ ਜ਼ਬਤ ਕਰ ਲਿਆ ਹੈ।