ਪੱਤਰ ਪ੍ਰੇਰਕ
ਅੰਮ੍ਰਿਤਸਰ, 5 ਅਗਸਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਐਂਪਲਾਈਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਅੱਜ ਸਵੇਰੇ ਪ੍ਰਬੰਧਕੀ ਬਲਾਕ ਦੇ ਬਾਹਰ ਕਾਲੇ ਬਿੱਲੇ ਲਾ ਕੇ ਦੋ ਘੰਟੇ ਰੋਸ ਰੈਲੀ ਕੀਤੀ। ਉਨ੍ਹਾਂ ਸਰਕਾਰ ਵਿਰੁਧ ਨਾਅਰੇਬਾਜ਼ੀ ਅਤੇ ਸਿਆਪਾ ਕੀਤਾ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਅਤੇ ਸਕੱਤਰ ਬਲਬੀਰ ਸਿੰਘ ਗਰਚਾ ਨੇ ਮੋਬਾਈਲ ਭੱਤਾ ਘਟਾਉਣ ਦਾ ਫੈਸਲਾ ਵਾਪਸ ਲੈਣ ਅਤੇ ਡੀਏ ਦੀਆਂ ਕਿਸ਼ਤਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਰੋਜ਼ ਦੋ ਘੰਟੇ ਕਲਮ ਛੱਡੋ ਹੜਤਾਲ ਜਾਰੀ ਰਹੇਗੀ, ਸਵੇਰੇ 9 ਤੋਂ ਸ਼ਾਮ 5 ਵਜੇ ਤਕ ਕਾਲੇ ਬਿੱਲੇ ਲਾਏ ਜਾਣਗੇ। 18 ਅਗਸਤ ਨੂੰ ਸਰਕਾਰ ਦੀ ਅਰਥੀ ਫੂਕੀ ਜਾਵੇਗੀ।