ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਦਸੰਬਰ
ਜਾਪਾਨ ਦੀ ਰਿਸਰਚ ਆਫ ਹਿਊਮੈਨਿਟੀ ਐਂਡ ਨੇਚਰ ਨਾਮੀ ਸੰਸਥਾ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੈਂਪਸ ਵਿਚ ਹਵਾ ਦੀ ਗੁਣਵੱਤਾ ਜਾਂਚਣ ਵਾਲਾ ਸੈਂਸਰ ‘ਪੀਐਮ 2.5’ ਜਲਦੀ ਸਥਾਪਤ ਕੀਤਾ ਜਾਵੇਗਾ। ਇਸ ਨਾਲ ਇੱਥੋਂ ਦੀ ਹਵਾ ਦੇ ਮਿਆਰ ਬਾਰੇ ਅੰਕੜੇ ਤਿਆਰ ਹੋ ਸਕਣਗੇ। ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਵੀ ਅਜਿਹਾ ਉਪਕਰਨ ਲੱਗਾ ਹੋਇਆ ਹੈ।
ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਿਜ਼ ਵਿਭਾਗ ਦੇ ਪ੍ਰੋ. ਐੱਮਐੱਸ ਭੱਟੀ ਵੱਲੋਂ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਤਬਦੀਲ ਹੋ ਰਹੇ ਵਾਤਾਵਰਨ ਸਬੰਧੀ ਕਰਵਾਏ ਗਏ ਵੈਬਿਨਾਰ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵੱਲੋਂ ਜਾਪਾਨ ਦੀ ਇਸ ਸੰਸਥਾ ਦੇ ਵਿਗਿਆਨੀ ਪ੍ਰੋ. ਸਚਿਕੋ ਹਯਾਸ਼ਿਦਾ ਦੇ ਯਤਨਾਂ ਨਾਲ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਜਾਪਾਨੀ ਸੰਸਥਾ ਵਲੋਂ ਇਹ ਸੈਂਸਰ ਬਿਲਕੁਲ ਮੁਫ਼ਤ ਦਿੱਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੈਬਿਨਾਰ ਨੂੰ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੁਰੂ ਦੇ ਵਿਗਿਆਨੀ ਪ੍ਰੋ. ਜੇ. ਸ੍ਰੀਨਿਵਾਸਨ ਨੇ ਸੰਬੋਧਨ ਕਰਦਿਆਂ ਵਾਤਾਵਰਨ ਤਬਦੀਲੀਆਂ ਨੂੰ ਦੂਰ ਕਰਨ ਸਬੰਧੀ ਆ ਰਹੀਆਂ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਵਾਤਾਵਰਨ ਮਾਹਿਰ ਪ੍ਰੋ. ਏਪੀ ਦੀਮਰੀ ਤੇ ਤਕਨਾਲੋਜੀ ਦੇ ਸਾਬਕਾ ਸਟੇਟ ਡਾਇਰੈਕਟਰ ਡਾ. ਸਤਨਾਮ ਸਿੰਘ ਲੱਧੜ ਨੇ ਵੀ ਵਿਚਾਰ ਪੇਸ਼ ਕੀਤੇ।