ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਅਗਸਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਰਾਜ ਪੱਧਰੀ ਬੀਐੱਡ ਦਾਖ਼ਲਾ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਹੈ। ਇਸ ਪ੍ਰੀਖਿਆ ਵਿੱਚ ਸਥਾਨ ਨਾਹਾ ਭੱਟ ਨੇ 150 ’ਚੋਂ 127 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰੀਖਿਆ ਵਿੱਚ ਪਹਿਲੀਆਂ ਪੰਜ ਪੁਜ਼ੀਸ਼ਨਾਂ ਲੜਕੀਆਂ ਨੇ ਹੀ ਪ੍ਰਾਪਤ ਕੀਤੀਆਂ ਹਨ। ਇਹ ਸੂਬਾ ਪੱਧਰੀ ਸਾਂਝੀ ਦਾਖ਼ਲਾ ਪ੍ਰੀਖਿਆ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਕਾਲਜਾਂ ਵਿੱਚ ਦਾਖ਼ਲਾ ਲੈਣ ਸਬੰਧੀ ਕਰਵਾਈ ਗਈ ਸੀ। ਸੀਈਟੀ ਦੇ ਕੋਆਰਡੀਨੇਟਰ ਪ੍ਰੋ. ਅਮਿਤ ਕੌਟਸ ਨੇ ਨਤੀਜਾ ਅੱਜ ਨਤੀਜਾ ਐਲਾਨਦਿਆਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਕੁੱਲ 12,981 ਵਿੱਚੋਂ 12,911 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਦੇ ਨਾਲ ਹੀ ਤਕਨੀਕੀ ਪ੍ਰੇਸ਼ਾਨੀ ਕਾਰਨ 11 ਵਿਦਿਆਰਥੀਆਂ ਦਾ ਨਤੀਜਾ ਹਾਲੇ ਐਲਾਨਿਆ ਨਹੀਂ ਜਾ ਸਕਿਆ। ਇਨ੍ਹਾਂ ਉਮੀਦਵਾਰਾਂ ਨੂੰ ਛੇਤੀ ਤੋਂ ਛੇਤੀ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਰੈਫਰੈਂਸ ਐਪਲੀਕੇਸ਼ਨ ਆਈਡੀ ਨਾਲ ਪੋਰਟਲ ਤੋਂ ਆਪਣੇ ਨਤੀਜੇ ਡਾਊਨਲੋਡ ਕਰ ਸਕਦੇ ਹਨ। ਨਤੀਜੇ ਅਨੁਸਾਰ ਨਾਹਾ ਭੱਟ ਤੋਂ ਬਾਅਦ ਏਕਤਾ ਝਾਅ ਨੇ 150 ’ਚੋਂ 122, ਜਸਲੀਨ ਕੌਰ ਨੇ 121, ਗਾਰਗੀ ਮਿਸ਼ਰਾ ਨੇ 120 ਅਤੇ ਅਰਸ਼ਦੀਪ ਧੁੰਨਾ ਨੇ 119 ਅੰਕਾ ਪ੍ਰਾਪਤ ਕਰਕੇ ਪਹਿਲੀਆਂ ਪੰਜ ਪੁਜ਼ੀਸ਼ਨਾਂ ’ਤੇ ਕਬਜ਼ਾ ਕੀਤਾ ਹੈ। ਸਿਖਰਲੇ ਦਸ ਉਮੀਦਵਾਰਾਂ ਦੀ ਸੂਚੀ ਵਿੱਚ ਸਿਰਫ਼ ਇੱਕ ਲੜਕੇ ਪ੍ਰਿੰਸ ਨੇ 117 ਅੰਕ ਪ੍ਰਾਪਤ ਕਰਕੇ 9ਵਾਂ ਸਥਾਨ ਹਾਸਲ ਕੀਤਾ ਹੈ।