ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਜੁਲਾਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਬੀ.ਐੱਡ. ਵਿੱਚ ਦਾਖਲੇ ਲਈ ਪੰਜਾਬ ਭਰ ਵਿੱਚ ਸਾਂਝੀ ਦਾਖਲਾ ਪ੍ਰੀਖਿਆ ਕਰਵਾਈ ਗਈ, ਇਹ ਪ੍ਰੀਖਿਆ 12,982 ਉਮੀਦਵਾਰਾਂ ਨੇ ਦਿੱਤੀ। ਇਸ ਪ੍ਰੀਖਿਆ ਦਾ ਨਤੀਜਾ ਅੱਠ ਅਗਸਤ ਨੂੰ ਐਲਾਨਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਬੀ.ਐੱਡ. ਵਿੱਚ ਦਾਖਲੇ ਲਈ ਸਾਂਝੀ ਦਾਖਲਾ ਪ੍ਰੀਖਿਆ ਦੀ ਜ਼ਿੰਮੇਵਾਰੀ ਇਸ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪੀ ਗਈ ਸੀ ਜਿਸ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਵਿੱਚ ਬੀ.ਐੱਡ. ਦੇ ਦਾਖ਼ਲੇ ਹੋਣਗੇ। ਕੋਆਰਡੀਨੇਟਰ ਡਾ. ਅਮਿਤ ਕੌਟਸ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ 13,892 ਉਮੀਦਵਾਰਾਂ ਨੇ ਆਪਣਾ ਨਾਂ ਦਰਜ ਕਰਵਾਇਆ ਸੀ ਤੇ ਅੱਜ 12,982 ਉਮੀਦਵਾਰਾਂ ਨੇ ਸਾਂਝੀ ਦਾਖ਼ਲਾ ਪ੍ਰੀਖਿਆ ਦਿੱਤੀ।